ਤਿੰਨ ਸ਼ੂਟਰ ਬੰਬੀਹਾ ਗਰੁੱਪ ਦੇ ਗ੍ਰਿਫ਼ਤਾਰ। 

 ਤਿੰਨ ਸ਼ੂਟਰ ਬੰਬੀਹਾ ਗਰੁੱਪ ਦੇ ਗ੍ਰਿਫ਼ਤਾਰ। 

ਮੁਹਾਲੀ ਪੁਲੀਸ ਨੇ ਬੰਬੀਹਾ ਗਰੁੱਪ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਘੜੂੰਆਂ ਪੁਲੀਸ ਦੇ ਸਹਿਯੋਗ ਨਾਲ ਬੰਬੀਹਾ ਗਰੁੱਪ ਦੇ ਸ਼ੂਟਰਾਂ ਗੁਰਜੰਟ ਸਿੰਘ ਜੰਟਾ, ਗੁਰਵਿੰਦਰ ਸਿੰਘ ਉਰਫ਼ ਗੁਰੀ ਅਤੇ ਗੌਤਮ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

ਐੱਸਐੱਸਪੀ ਸੋਨੀ ਨੇ ਦੱਸਿਆ ਕਿ ਗੁਰਜੰਟ ਸਿੰਘ ਉਰਫ਼ ਜੰਟਾ ਨੇ ਇਸੇ ਸਾਲ 30 ਜਨਵਰੀ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸਪੇਨ ਵਿੱਚ ਬੈਠੇ ਬੰਬੀਹਾ ਗਰੁੱਪ ਦੇ ਸਰਗਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਕਹਿਣ ’ਤੇ ਘੜੂੰਆਂ ਯੂਨੀਵਰਸਿਟੀ ਦੇ ਸਾਹਮਣਿਓਂ ਇੱਕ ਕਾਰ ਖੋਹੀ ਸੀ। ਕਰੀਬ ਸੱਤ ਮਹੀਨੇ ਬਾਅਦ 28 ਜੁਲਾਈ ਨੂੰ ਗੁਰਜੰਟ ਜੰਟਾ ਦੇ ਸਾਥੀ ਉਸੇ ਕਾਰ ਅਤੇ ਸੱਤ ਪਿਸਤੌਲਾਂ ਸਣੇ ਗ੍ਰਿਫ਼ਤਾਰ ਕੀਤੇ ਗਏ ਸਨ ਜਦੋਂਕਿ ਗੁਰਜੰਟ ਜੰਟਾ ਭਗੌੜਾ ਚੱਲ ਰਿਹਾ ਸੀ। ਪੁਲੀਸ ਅਨੁਸਾਰ ਗੁਰਜੰਟ ਜੰਟਾ ਨੇ 29 ਅਗਸਤ ਨੂੰ ਆਪਣੇ ਇੱਕ ਹੋਰ ਸਾਥੀ ਪਰਗਟ ਸਿੰਘ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਭੁਪਿੰਦਰ ਸਿੰਘ ਭੂਪੀ ਰਾਣਾ ਦੇ ਕਹਿਣ ’ਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਦਾਲਤ ਕੰਪਲੈਕਸ ਵਿੱਚ ਬੰਬੀਹਾ ਗਰੁੱਪ ਨਾਲ ਸਬੰਧਤ ਵਿੱਕੀ ਮਿੱਡੂਖੇੜਾ ਦੇ ਕਥਿਤ ਕਾਤਲਾਂ ਨੂੰ ਛੁਡਵਾਉਣ ਲਈ ਫਾਇਰਿੰਗ ਕੀਤੀ ਸੀ।