ਤਿੱਬਤੀਆਂ ਵਲੋਂ ਦਿੱਲੀ ’ਚ ਚੀਨੀ ਦੂਤਘਰ ਤੇ ਧਰਮਸ਼ਾਲਾ ਨੇੜੇ ਪ੍ਰਦਰਸ਼ਨ

ਤਿੱਬਤੀਆਂ ਵਲੋਂ ਦਿੱਲੀ ’ਚ ਚੀਨੀ ਦੂਤਘਰ ਤੇ ਧਰਮਸ਼ਾਲਾ ਨੇੜੇ ਪ੍ਰਦਰਸ਼ਨ

ਤਿੱਬਤੀ ਯੂਥ ਕਾਂਗਰਸ ਦੇ ਮੈਂਬਰਾਂ ਨੇ ਸ਼ੁੱਕਰਵਾਰ 64ਵੇਂ ਤਿੱਬਤੀ ਰਾਸ਼ਟਰੀ ਵਿਦਰੋਹ ਦਿਵਸ ਦੇ ਮੌਕੇ ’ਤੇ ਨਵੀਂ ਦਿੱਲੀ ਵਿਚ ਚੀਨੀ ਦੂਤਘਰ ਨੇੜੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੀਨ ਸਰਕਾਰ ਦੀਆਂ ਸਖਤ ਨੀਤੀਆਂ ਅਤੇ ਤਿੱਬਤ ’ਤੇ ਉਸ ਦੇ ਨਾਜਾਇਜ਼ ਕਬਜ਼ੇ ਵਿਰੁੱਧ ਨਾਅਰੇਬਾਜ਼ੀ ਕੀਤੀ।

ਪੁਲਸ ਨੇ ਦੱਸਿਆ ਕਿ ਦੂਤਘਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਮੰਦਰ ਮਾਰਗ ਪੁਲਸ ਸਟੇਸ਼ਨ ਲਿਜਾਇਆ ਗਿਆ।

ਸਾਵਧਾਨੀ ਵਜੋਂ ਦਿੱਲੀ ਪੁਲਸ ਨੇ ਦੂਤਘਰ ਤੋਂ ਲਗਭਗ 2 ਕਿ. ਮੀ. ਦੀ ਦੂਰੀ ’ਤੇ ਬੈਰੀਕੇਡ ਲਾ ਦਿੱਤੇ ਸਨ। ਖੇਤਰ ’ਚ ਧਾਰਾ 144 ਲਾਗੂ ਕਰ ਦਿੱਤੀ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਿੱਬਤ ਯੂਥ ਕਾਂਗਰਸ ਦੇ 60 ਤੋਂ ਵੱਧ ਮੈਂਬਰਾਂ ਨੇ ਦੂਤਘਰ ਤੋਂ ਕੁਝ ਕਿ.ਮੀ. ਦੂਰ ਇੱਕ ਬੈਰੀਕੇਡ ਕੋਲ ਇੱਕ ਸੰਖੇਪ ਪ੍ਰਦਰਸ਼ਨ ਕੀਤਾ। ਜਦੋਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਪਾਰ ਕਰ ਕੇ ਦੂਤਘਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਇਸ ਦੇ ਨਾਲ ਹੀ ਤਿੱਬਤੀਆਂ ਨੇ ਮੈਕਲੋਡਗੰਜ ਤੋਂ ਧਰਮਸ਼ਾਲਾ ਤੱਕ ਰੈਲੀ ਕੱਢੀ ਅਤੇ ਚੀਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਰੈਲੀ ਵਿੱਚ ਤਿੱਬਤੀ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਤਿੱਬਤ ਦੀ ਆਜ਼ਾਦੀ ਦੀ ਮੰਗ ਉਠਾਈ। ਮੈਕਲੋਡਗੰਜ ਤੋਂ ਧਰਮਸ਼ਾਲਾ ਤੱਕ ਚੀਨ ਵਿਰੁੱਧ ਕੱਢੀ ਗਈ ਰੋਸ ਰੈਲੀ ਵਿੱਚ ਤਿੱਬਤੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਆਮ ਤਿੱਬਤੀ ਲੋਕਾਂ ਨੇ ਵੀ ਹਿੱਸਾ ਲਿਆ।