ਭਾਰਤੀ ਵਿਦਿਆਰਥੀਆਂ ਵੱਡੀ ਖ਼ਬਰ ,ਆਸਟ੍ਰੇਲੀਆ ਵੀਜ਼ਾ ਲਈ ਵੈਧ ਹੋਇਆ TOEFL ਸਕੋਰ

ਭਾਰਤੀ ਵਿਦਿਆਰਥੀਆਂ ਵੱਡੀ ਖ਼ਬਰ ,ਆਸਟ੍ਰੇਲੀਆ ਵੀਜ਼ਾ ਲਈ ਵੈਧ ਹੋਇਆ TOEFL ਸਕੋਰ

ਜੇਕਰ ਤੁਸੀਂ ਆਸਟ੍ਰੇਲੀਆ ਜਾਣ ਦਾ ਸੁਫ਼ਨਾ ਦੇਖ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਆਸਟ੍ਰੇਲੀਆ ਨੇ ਆਪਣੇ ਇੱਥੇ ਸਾਰੇ ਵੀਜ਼ਿਆਂ ਲਈ TOEFL ਸਕੋਰਾਂ ਨੂੰ ਮਾਨਤਾ ਦੇ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਦੇ ਹਵਾਲੇ ਨਾਲ ਸੋਮਵਾਰ ਨੂੰ ਦੱਸਿਆ ਗਿਆ ਕਿ TOEFL ਸਕੋਰ ਹੁਣ ਸਾਰੇ ਆਸਟ੍ਰੇਲੀਆਈ ਵੀਜ਼ਿਆਂ ਲਈ ਵੈਧ ਹੋਣਗੇ। TOEFL ਦੀ ਪਿਛਲੇ ਸਾਲ ਜੁਲਾਈ ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ (DHA) ਦੁਆਰਾ ਸਮੀਖਿਆ ਕੀਤੀ ਗਈ ਸੀ ਅਤੇ ਇਸ ਦੇ ਬਾਅਦ ਤੋਂ ਹੀ ਸਕੋਰ ਹੁਣ ਤੱਕ ਸਵੀਕਾਰ ਨਹੀਂ ਕੀਤੇ ਜਾ ਰਹੇ ਸਨ।

ਈ.ਟੀ.ਐਸ ਨੇ ਦੱਸਿਆ ਕਿ 5 ਮਈ ਨੂੰ ਜਾਂ ਇਸ ਤੋਂ ਬਾਅਦ ਲਏ ਗਏ ਟੈਸਟਾਂ ਦੇ ਅੰਕ ਸਾਰੇ ਵੀਜ਼ਿਆਂ ਲਈ ਵੈਧ ਮੰਨੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਭਾਰਤੀ ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਲਈ ਪਸੰਦੀਦਾ ਸਥਾਨ ਬਣਿਆ ਹੋਇਆ ਹੈ, ਪਿਛਲੇ ਸਾਲ 1.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਪੜ੍ਹਨ ਗਏ ਸਨ। ਈ.ਟੀ.ਐਸ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਕੰਟਰੀ ਮੈਨੇਜਰ ਸਚਿਨ ਜੈਨ ਨੇ ਕਿਹਾ,“ਇਸ ਤੋਂ ਇਲਾਵਾ ਨਵੀਨਤਮ QS ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ਦੇ ਅਨੁਸਾਰ ਚੋਟੀ ਦੀਆਂ 100 ਗਲੋਬਲ ਯੂਨੀਵਰਸਿਟੀਆਂ ਵਿੱਚ 9 ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਨਾਲ ਆਸਟ੍ਰੇਲੀਆ ਵਿਸ਼ਵ ਪੱਧਰੀ ਉੱਚ ਸਿੱਖਿਆ ਅਤੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।"

TOEFL (Test of English as a Foreign Language) ਇੱਕ ਅਜਿਹਾ ਟੈਸਟ ਹੈ ਜੋ ਅੰਗਰੇਜ਼ੀ ਭਾਸ਼ਾ ਦੀ ਜਾਂਚ ਕਰਦਾ ਹੈ। ਇਸ ਟੈਸਟ ਰਾਹੀਂ ਦੇਸ਼ ਦੇ ਉਨ੍ਹਾਂ ਲੋਕਾਂ ਦੀ ਯੋਗਤਾ ਦਾ ਮੁਲਾਂਕਣ ਕੀਤਾ ਜਾਂਦਾ ਹੈ ਜੋ ਅੰਗਰੇਜ਼ੀ ਨਹੀਂ ਬੋਲਦੇ ਹਨ, ਫਿਰ ਪਾਸ ਹੋਣ ਵਾਲੇ ਯਾਨੀ ਅੰਗਰੇਜ਼ੀ ਸਮਝਣ ਅਤੇ ਬੋਲਣ ਵਾਲਿਆਂ ਨੂੰ ਯੂਨੀਵਰਸਿਟੀ ਵਿੱਚ ਪੜ੍ਹਨ ਦਾ ਮੌਕਾ ਮਿਲਦਾ ਹੈ।

ਪਿਛਲੇ ਸਾਲ 25 ਜੁਲਾਈ ਤੱਕ TOEFL iBT ਨੂੰ ਅਸਥਾਈ ਤੌਰ 'ਤੇ ETS ਦੁਆਰਾ ਟੈਸਟ ਵਿੱਚ ਕੀਤੀਆਂ ਗਈਆਂ ਸੋਧਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਪਾਬੰਦੀ ਦਾ ਐਲਾਨ ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਰਾਹੀਂ ਕੀਤਾ ਗਿਆ। ਹਾਲਾਂਕਿ ਵਿਭਾਗ ਫਿਲਹਾਲ ਟੈਸਟ 'ਚ ਕੀਤੇ ਗਏ ਬਦਲਾਅ ਦੀ ਸਮੀਖਿਆ ਕਰ ਰਿਹਾ ਹੈ। ਇਸ ਸਮੇਂ ਦੌਰਾਨ ਆਸਟ੍ਰੇਲੀਆਈ ਸਰਕਾਰ ਨੇ ਇਨ੍ਹਾਂ ਟੈਸਟਾਂ (IELTS, PTE ਕੈਮਬ੍ਰਿਜ ਇੰਗਲਿਸ਼ (CAE) ਅਤੇ OET) ਦੇ ਨਤੀਜਿਆਂ ਨੂੰ ਸਵੀਕਾਰ ਕੀਤਾ।