ਪੰਜਾਬ ''ਚ ਲਗਣਗੇ 11 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ,ਹੁਣ ਕੈਮਰਿਆਂ ਵਿਚ ਕੈਦ ਹੋਵੇਗੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ

ਪੰਜਾਬ ''ਚ ਲਗਣਗੇ 11 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ,ਹੁਣ ਕੈਮਰਿਆਂ ਵਿਚ ਕੈਦ ਹੋਵੇਗੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ

ਪੰਜਾਬ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਹੁਣ ਮਹਿੰਗਾ ਪੈ ਸਕਦਾ ਹੈ। ਪੰਜਾਬ ਪੁਲਿਸ ਹੁਣ ਸੂਬੇ ਵਿਚ ਆਨਲਾਈਨ ਚਲਾਨ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ। ਇਸ ਦੇ ਲਈ ਸੂਬੇ ਵਿਚ 11 ਹਜ਼ਾਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। 6 ਵੱਡੇ ਸ਼ਹਿਰਾਂ ਵਿਚ ਕੰਮ ਸ਼ੁਰੂ ਹੋ ਚੁੱਕਿਆ ਹੈ। ਪੰਜਾਬ ਪੁਲਿਸ ਨੇ ਇਸ ਪ੍ਰਾਜੈਕਟ ਨੂੰ ਲੁਧਿਆਣਾ ਵਿਚ ਟਰਾਇਲ ਵਜੋਂ ਸ਼ੁਰੂ ਕੀਤਾ ਸੀ। ਇਸ ਦੇ ਲਈ ਲੁਧਿਆਣਾ ਵਿਚ 1400 ਕੈਮਰੇ ਲਗਾਏ ਗਏ ਸਨ।

ਅਮਰਦੀਪ ਸਿੰਘ ਰਾਏ, ਏ.ਡੀ.ਜੀ.ਪੀ. (ਟਰੈਫਿਕ ਵਿੰਗ ਪੰਜਾਬ) ਦਾ ਕਹਿਣਾ ਹੈ ਕਿ ਜਲਦੀ ਹੀ ਹੋਰ ਸ਼ਹਿਰਾਂ ਵਿਚ ਵੀ ਆਨਲਾਈਨ ਚਲਾਨ ਕੱਟਣ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਲੁਧਿਆਣਾ ਵਿਚ 1400, ਅੰਮ੍ਰਿਤਸਰ ਵਿਚ 950, ਜਲੰਧਰ ਵਿਚ 850, ਪਟਿਆਲਾ ਵਿਚ 800, ਬਠਿੰਡਾ ਵਿਚ 750 ਅਤੇ ਮੋਹਾਲੀ ਵਿਚ 400 ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ।

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਲੋਕ ਮੌਕੇ 'ਤੇ ਹੀ ਨਿਰਧਾਰਤ ਜੁਰਮਾਨਾ ਅਦਾ ਕਰ ਸਕਣਗੇ। ਵਿੰਗ ਨੇ 400 ਸਵਾਈਪ ਮਸ਼ੀਨਾਂ ਖਰੀਦੀਆਂ ਹਨ ਅਤੇ 3000 ਹੋਰ ਖਰੀਦੀਆਂ ਜਾਣਗੀਆਂ। ਸੀ.ਸੀ.ਟੀ.ਵੀ. ਕੈਮਰੇ ਨਾ ਸਿਰਫ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਬੂ ਕਰਨ ਵਿਚ ਮਦਦ ਕਰਨਗੇ, ਸਗੋਂ ਦੁਰਘਟਨਾਵਾਂ ਅਤੇ ਅਪਰਾਧਾਂ ਨੂੰ ਕੰਟਰੋਲ ਕਰਨ ਵਿਚ ਵੀ ਮਦਦਗਾਰ ਸਾਬਿਤ ਹੋਣਗੇ। ਮਸ਼ੀਨ ਚਲਾਉਣ ਲਈ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ। ਮੋਹਾਲੀ ਵਿਚ ਦਸੰਬਰ ਤੋਂ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ।

ਮੌਕੇ ’ਤੇ ਭਰਿਆ ਜਾਵੇਗਾ ਚਲਾਨ
ਆਨਲਾਈਨ ਚਲਾਨ ਦੀ ਪ੍ਰਣਾਲੀ ਨੂੰ ਲਾਗੂ ਕਰਨ ਦੇ ਨਾਲ-ਨਾਲ ਪੰਜਾਬ ਪੁਲਿਸ ਚਲਾਨ ਦਾ ਮੌਕੇ 'ਤੇ ਭੁਗਤਾਨ ਕਰਨ ਦੀ ਸਹੂਲਤ ਵੀ ਪ੍ਰਦਾਨ ਕਰਨ ਜਾ ਰਹੀ ਹੈ, ਯਾਨੀ ਜੇਕਰ ਕਿਸੇ ਕੋਲ ਪੰਜਾਬ 'ਚ ਕਿਤੇ ਵੀ ਟ੍ਰੈਫਿਕ ਚਲਾਨ ਹੁੰਦਾ ਹੈ ਤਾਂ ਉਹ ਮੌਕੇ 'ਤੇ ਹੀ ਇਸ ਦਾ ਭੁਗਤਾਨ ਕਰ ਸਕਦਾ ਹੈ। ਚਲਾਨ ਦਾ ਭੁਗਤਾਨ ਕੋਰਡ ਸਵਾਈਪ ਮਸ਼ੀਨ ਰਾਹੀਂ ਕੀਤਾ ਜਾ ਸਕਦਾ ਹੈ। ਭੁਗਤਾਨ ਲਈ ਪੁਲਿਸ ਲਾਈਨ ਜਾਂ ਸਬੰਧਤ ਅਦਾਲਤ ਵਿਚ ਜਾਣ ਦੀ ਲੋੜ ਨਹੀਂ ਹੈ।

ਆਨਲਾਈਨ ਚਲਾਨ ਦਾ ਭੁਗਤਾਨ ਭਾਰਤ ਅਤੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਨੂੰ ਬਹੁਤ ਫਾਇਦਾ ਹੋਵੇਗਾ। ਜੇਕਰ ਕਿਸੇ ਸੈਲਾਨੀ ਦਾ ਚਲਾਨ ਹੋ ਜਾਂਦਾ ਹੈ ਤਾਂ ਉਸ ਨੂੰ ਚਲਾਨ ਭਰਨ ਲਈ ਕਈ ਵਾਰ ਮੁੜ ਆਉਣਾ ਪੈਂਦਾ ਹੈ ਜਾਂ ਫਿਰ ਇਕ ਦਿਨ ਰੁਕ ਕੇ ਚਲਾਨ ਭਰਨਾ ਪੈਂਦਾ ਹੈ। ਕਈ ਦਲਾਲ ਵੀ ਅਪਣੀਆਂ ਜੇਬਾਂ ਭਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਦੇ।

ਸਮਾਜ ਵਿਰੋਧੀ ਅਨਸਰਾਂ ’ਤੇ ਹੋ ਸਕੇਗੀ ਕਾਰਵਾਈ
ਸੀ.ਸੀ.ਟੀ.ਵੀ. ਪ੍ਰਾਜੈਕਟ ਦਾ ਮੁੱਖ ਉਦੇਸ਼ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਜਿਹੇ ਸਥਾਨਾਂ ਦੀ ਨਿਸ਼ਾਨਦੇਹੀ ਕਰਨਾ ਹੈ ਜਿਥੇ ਸਮਾਜ ਵਿਰੋਧੀ ਅਨਸਰ ਹੋ ਸਕਦੇ ਹਨ ਜਾਂ ਜਿਥੇ ਪੁਲਿਸ ਨੂੰ ਚੌਕਸੀ ਰੱਖਣ ਦੀ ਲੋੜ ਹੈ। ਕਈ ਵਾਰ ਸੀ.ਸੀ.ਟੀ.ਵੀ. ਕੈਮਰੇ ਵੱਡੀਆਂ ਘਟਨਾਵਾਂ ਨੂੰ ਸੁਲਝਾਉਣ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ। ਜਿਹੜੀਆਂ ਥਾਵਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹਨ, ਉਥੇ ਸਮਾਜ ਵਿਰੋਧੀ ਅਨਸਰ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਹੀਂ ਕਰਦੇ।

ਸੀ.ਸੀ.ਟੀ.ਵੀ. ਪ੍ਰਾਜੈਕਟ ਹਰ ਤਰ੍ਹਾਂ ਨਾਲ ਲਾਹੇਵੰਦ: ਲਾਲਜੀਤ ਭੁੱਲਰ
ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੰਜਾਬ ਸੰਵੇਦਨਸ਼ੀਲ ਸੂਬਾ ਹੈ ਅਤੇ ਸੀ.ਸੀ.ਟੀ.ਵੀ. ਪ੍ਰਾਜੈਕਟ ਹਰ ਤਰ੍ਹਾਂ ਨਾਲ ਲਾਹੇਵੰਦ ਹੈ। ਸੀ.ਸੀ.ਟੀ.ਵੀ. ਕੈਮਰੇ ਨਾ ਸਿਰਫ ਟ੍ਰੈਫਿਕ ਦੇ ਲਿਹਾਜ਼ ਨਾਲ ਸਗੋਂ ਅਪਰਾਧ ਨੂੰ ਕੰਟਰੋਲ ਕਰਨ ਅਤੇ ਬਲੈਕ ਸਪਾਟਸ 'ਤੇ ਹਾਦਸਿਆਂ ਨੂੰ ਘਟਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।