ਮੰਡੀ ਗੋਬਿੰਦਗੜ੍ਹ: ਦਰਦਨਾਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ, ਇੱਕ ਨੇ ਇਸੇ ਮਹੀਨੇ ਜਾਣਾ ਸੀ ਵਿਦੇਸ਼

ਮੰਡੀ ਗੋਬਿੰਦਗੜ੍ਹ: ਦਰਦਨਾਕ ਸੜਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ, ਇੱਕ ਨੇ ਇਸੇ ਮਹੀਨੇ ਜਾਣਾ ਸੀ ਵਿਦੇਸ਼

ਦਿੱਲੀ-ਲੁਧਿਆਣਾ ਸੜਕ ‘ਤੇ ਮੰਡੀ ਗੋਬਿੰਦਗੜ੍ਹ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਰਾਮਪੁਰ ਪਿੰਡ ਦੇ ਦੋ ਸਕੇ ਭਰਾਵਾਂ ਦੀ ਜਾਨ ਚਲੀ ਗਈ। ਉਹ ਫਲਾਈਓਵਰ ‘ਤੇ ਆਪਣੀ ਗੱਡੀ ਦੀ ਬੈਟਰੀ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਭਰਾ ਫਲਾਈਓਵਰ ਤੋਂ ਸਰਵਿਸ ਰੋਡ ‘ਤੇ ਡਿੱਗ ਗਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 30 ਸਾਲਾਂ ਹਰਜੀਤ ਸਿੰਘ ਤੇ 28 ਸਾਲਾਂ ਜਗਦੇਵ ਸਿੰਘ ਵਜੋਂ ਹੋਈ ਹੈ।

ਕੈਪਟਨ ਜਸਵੰਤ ਸਿੰਘ ਰਾਮਪੁਰ ਨੇ ਦੱਸਿਆ ਕਿ ਹਰਜੀਤ ਸਿੰਘ ) ਆਪਣੀ “ਛੋਟਾ ਹਾਥੀ” ਗੱਡੀ ਵਿੱਚ ਪਾਣੀ ਦੀ ਟੈਂਕੀ ਲੈ ਕੇ ਘਰ ਵਾਪਸ ਆ ਰਿਹਾ ਸੀ। ਰਾਤ 11:30 ਵਜੇ ਦੇ ਕਰੀਬ ਫਲਾਈਓਵਰ ‘ਤੇ ਗੱਡੀ ਦੀ ਬੈਟਰੀ ਫੇਲ੍ਹ ਹੋ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਛੋਟੇ ਭਰਾ ਜਗਦੇਵ ਸਿੰਘ ਨੂੰ ਮਦਦ ਲਈ ਬੁਲਾਇਆ। ਜਿਵੇਂ ਹੀ ਜਗਦੇਵ ਆਪਣੀ ਗੱਡੀ ਵਿੱਚ ਬੈਟਰੀ ਲੈ ਕੇ ਪਹੁੰਚਿਆ ਅਤੇ ਗੱਡੀ ਦੀ ਮੁਰੰਮਤ ਕਰਨ ਲੱਗਾ, ਤਾਂ ਪਿੱਛੇ ਤੋਂ ਇੱਕ ਅਣਪਛਾਤਾ ਵਾਹਨ ਆਇਆ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਹਰਜੀਤ ਸਿੰਘ 26 ਜੂਨ ਨੂੰ ਆਪਣੀ ਪਤਨੀ ਨਾਲ ਕੈਨੇਡਾ ਜਾਣ ਵਾਲਾ ਸੀ। ਵਿਦੇਸ਼ ਜਾਣ ਤੋਂ ਠੀਕ ਪਹਿਲਾਂ ਵਾਪਰੀ ਇਸ ਘਟਨਾ ਨੇ ਪੂਰੇ ਪਿੰਡ ਰਾਮਪੁਰ ਅਤੇ ਦੋਰਾਹਾ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਪਰਿਵਾਰ ਡੂੰਘੇ ਦੁੱਖ ਵਿੱਚ ਹੈ ਅਤੇ ਸਥਾਨਕ ਲੋਕ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰ ਰਹੇ ਹਨ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਵਰਤੋਂ ਕਰਦਿਆਂ ਪੁਲਿਸ ਅਣਪਛਾਤੇ ਵਾਹਨ ਅਤੇ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦੀ ਲਾਪਰਵਾਹੀ ਨੇ ਦੋਵਾਂ ਨੌਜਵਾਨਾਂ ਦੀ ਜਾਨ ਲੈ ਲਈ।