ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੁੜ ਦੁਹਰਾਏ ਨਿੱਝਰ ਕਤਲਕਾਂਡ ''ਤੇ ਦੋਸ਼, ਕਿਹਾ-''ਇਸ ਮੁੱਦੇ ''ਤੇ ਲੜਾਈ ਨਹੀਂ ਚਾਹੁੰਦੇ''

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਮੁੜ ਦੁਹਰਾਏ ਨਿੱਝਰ ਕਤਲਕਾਂਡ ''ਤੇ ਦੋਸ਼, ਕਿਹਾ-''ਇਸ ਮੁੱਦੇ ''ਤੇ ਲੜਾਈ ਨਹੀਂ ਚਾਹੁੰਦੇ''

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ 'ਤੇ ਇਕ ਵਾਰ ਫਿਰ ਬੇਤੁਕੇ ਦੋਸ਼ ਲਗਾਏ ਹਨ। ਇਕ ਪੱਤਰਕਾਰ ਨੇ ਟਰੂਡੋ ਨੂੰ ਪੁੱਛਿਆ ਸੀ ਕਿ ਕੈਨੇਡਾ ਦੀ ਧਰਤੀ 'ਤੇ ਆਪਣੇ ਹੀ ਨਾਗਰਿਕ ਨਿੱਝਰ ਦੇ ਕਤਲ ਦੀ ਜਾਂਚ 'ਚ ਕੀ ਪ੍ਰਗਤੀ ਹੈ ਅਤੇ ਜੇਕਰ ਕੋਈ ਪ੍ਰਗਤੀ ਨਹੀਂ ਹੁੰਦੀ ਤਾਂ ਕੀ ਅਮਰੀਕਾ ਨੂੰ ਕੈਨੇਡਾ ਦੀ ਤਰਫੋਂ ਭਾਰਤ ਪ੍ਰਤੀ ਸਖ਼ਤ ਰੁਖ਼ ਅਖਤਿਆਰ ਕਰਨਾ ਚਾਹੀਦਾ ਹੈ? ਇਸ ਦੇ ਜਵਾਬ 'ਚ ਜਸਟਿਨ ਟਰੂਡੋ ਨੇ ਫਿਰ ਉਹੀ ਪੁਰਾਣੇ ਦੋਸ਼ ਫਿਰ ਤੋਂ ਦੁਹਰਾਏ, ਜੋ ਉਹਨਾਂ ਨੇ ਕੈਨੇਡਾ ਦੀ ਸੰਸਦ 'ਚ ਭਾਰਤ 'ਤੇ ਲਗਾਏ ਸਨ।

ਟਰੂਡੋ ਨੇ ਕਿਹਾ ਕਿ ਸ਼ੁਰੂ ਤੋਂ ਹੀ ਜਦੋਂ ਸਾਨੂੰ ਭਰੋਸੇਮੰਦ ਦੋਸ਼ਾਂ ਬਾਰੇ ਪਤਾ ਲੱਗਾ ਕਿ ਕੈਨੇਡਾ ਦੀ ਧਰਤੀ 'ਤੇ ਇਕ ਕੈਨੇਡੀਅਨ ਨਾਗਰਿਕ ਦੇ ਕਤਲ ਵਿਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹਨ, ਤਾਂ ਅਸੀਂ ਭਾਰਤ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਵਿੱਚ ਸਾਡੇ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ।  ਉਸਨੇ ਅੱਗੇ ਕਿਹਾ, 'ਅਸੀਂ ਅੰਤਰਰਾਸ਼ਟਰੀ ਕਾਨੂੰਨ ਅਤੇ ਕੈਨੇਡੀਅਨ ਪ੍ਰਭੂਸੱਤਾ ਦੀ ਇਸ ਗੰਭੀਰ ਉਲੰਘਣਾ 'ਤੇ ਕਾਰਵਾਈ ਕਰਨ ਲਈ ਸੰਯੁਕਤ ਰਾਜ ਅਮਰੀਕਾ ਅਤੇ ਆਪਣੇ ਹੋਰ ਮਿੱਤਰ ਦੇਸ਼ਾਂ ਨਾਲ ਵੀ ਸੰਪਰਕ ਕੀਤਾ ਹੈ। ਇਹ ਉਹ ਚੀਜ਼ ਹੈ ਜੋ ਅਸੀਂ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ।

'ਕੈਨੇਡਾ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਦਾ ਹੈ'
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਸਾਰੇ ਸਹਿਯੋਗੀਆਂ ਅਤੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ, ਜਾਂਚ ਏਜੰਸੀਆਂ ਆਪਣਾ ਕੰਮ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ, 'ਕੈਨੇਡਾ ਅਜਿਹਾ ਦੇਸ਼ ਹੈ ਜੋ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਦਾ ਹੈ ਅਤੇ ਇਸ ਲਈ ਖੜ੍ਹਾ ਰਹਿੰਦਾ ਹੈ। ਕਿਉਂਕਿ ਜੇਕਰ ਸੱਤਾ ਸਹੀ-ਗ਼ਲਤ ਦਾ ਫ਼ੈਸਲਾ ਕਰਨਾ ਸ਼ੁਰੂ ਕਰ ਦਿੰਦੀ ਹੈ, ਜੇਕਰ ਵੱਡੇ ਦੇਸ਼ ਬਿਨਾਂ ਕਿਸੇ ਨਤੀਜੇ ਦੀ ਚਿੰਤਾ ਕੀਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ, ਤਾਂ ਸਾਰੀ ਦੁਨੀਆਂ ਸਾਰਿਆਂ ਲਈ ਖ਼ਤਰਨਾਕ ਬਣ ਜਾਵੇਗੀ।

ਟਰੂਡੋ ਬੋਲੇ- ਭਾਰਤ ਨੇ ਵਿਆਨਾ ਕਨਵੈਨਸ਼ਨ ਦੀ ਕੀਤੀ ਉਲੰਘਣਾ 
ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਕੈਨੇਡੀਅਨ ਸੰਸਦ ਮੈਂਬਰ ਚੰਦਨ ਆਰੀਆ ਵੱਲੋਂ ਪਾਰਲੀਮੈਂਟ ਹਿੱਲ 'ਤੇ ਆਯੋਜਿਤ ਇਕ ਸਮਾਗਮ ਵਿਚ ਬੁਲਾਏ ਜਾਣ ਦੇ ਸਵਾਲ 'ਤੇ ਜਸਟਿਨ ਟਰੂਡੋ ਨੇ ਕਿਹਾ, 'ਅਸੀਂ ਪੂਰੀ ਤਰ੍ਹਾਂ ਸਪੱਸ਼ਟ ਹਾਂ ਕਿ ਅਸੀਂ ਇਸ ਗੰਭੀਰ ਮਾਮਲੇ 'ਤੇ ਭਾਰਤ ਨਾਲ ਉਸਾਰੂ ਢੰਗ ਨਾਲ ਕੰਮ ਕਰਨਾ ਚਾਹੁੰਦੇ ਹਾਂ।  ਅਸੀਂ ਇਸ ਦੀ ਤਹਿ ਤੱਕ ਜਾਣ ਲਈ ਭਾਰਤ ਸਰਕਾਰ ਅਤੇ ਦੁਨੀਆ ਭਰ ਦੇ ਸਾਡੇ ਭਾਈਵਾਲਾਂ ਨਾਲ ਸੰਪਰਕ ਕੀਤਾ ਹੈ। ਇਸ ਲਈ ਸਾਨੂੰ ਬਹੁਤ ਨਿਰਾਸ਼ਾ ਹੋਈ ਜਦੋਂ ਭਾਰਤ ਨੇ ਵੀਏਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਅਤੇ ਮਨਮਾਨੇ ਢੰਗ ਨਾਲ 40 ਤੋਂ ਵੱਧ ਕੈਨੇਡੀਅਨ ਡਿਪਲੋਮੈਟਾਂ ਦੀ ਛੋਟ ਨੂੰ ਰੱਦ ਕਰ ਦਿੱਤਾ।

'ਭਾਰਤ ਵੱਲੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣਾ ਚਿੰਤਾ ਦਾ ਵਿਸ਼ਾ'
ਟਰੂਡੋ ਨੇ ਕਿਹਾ, 'ਇਸ ਬਾਰੇ ਸਾਡੇ ਨਜ਼ਰੀਏ ਤੋਂ ਸੋਚੋ। ਸਾਡੇ ਕੋਲ ਇਹ ਮੰਨਣ ਦੇ ਗੰਭੀਰ ਕਾਰਨ ਹਨ ਕਿ ਕੈਨੇਡਾ ਦੀ ਧਰਤੀ 'ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋ ਸਕਦੇ ਹਨ। ਅਤੇ ਇਸ 'ਤੇ ਭਾਰਤ ਦਾ ਜਵਾਬ ਵੀਏਨਾ ਕਨਵੈਨਸ਼ਨ ਦੀ ਉਲੰਘਣਾ ਕਰਕੇ ਕੈਨੇਡੀਅਨ ਡਿਪਲੋਮੈਟਾਂ ਦੇ ਪੂਰੇ ਸਮੂਹ ਨੂੰ ਬਾਹਰ ਕੱਢਣਾ ਸੀ। ਇਹ ਦੁਨੀਆ ਭਰ ਦੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ। ਜਦੋਂ ਕੋਈ ਦੇਸ਼ ਮਹਿਸੂਸ ਕਰਦਾ ਹੈ ਕਿ ਉਸ ਦੇ ਡਿਪਲੋਮੈਟ ਦੂਜੇ ਦੇਸ਼ ਵਿੱਚ ਸੁਰੱਖਿਅਤ ਨਹੀਂ ਹਨ, ਤਾਂ ਇਹ ਸਥਿਤੀ ਅੰਤਰਰਾਸ਼ਟਰੀ ਸਬੰਧਾਂ ਨੂੰ ਹੋਰ ਖ਼ਤਰਨਾਕ ਅਤੇ ਗੰਭੀਰ ਬਣਾ ਦਿੰਦੀ ਹੈ।

'ਇਸ ਮੁੱਦੇ 'ਤੇ ਲੜਾਈ ਨਹੀਂ ਚਾਹੁੰਦੇ, ਭਾਰਤ ਨਾਲ ਕੰਮ ਕਰਦੇ ਰਹਾਂਗੇ'
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹਰ ਕਦਮ 'ਤੇ ਭਾਰਤ ਨਾਲ ਉਸਾਰੂ ਅਤੇ ਸਕਾਰਾਤਮਕ ਢੰਗ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਅਜਿਹਾ ਕਰਦੇ ਰਹਾਂਗੇ। ਇਸ ਦਾ ਮਤਲਬ ਹੈ ਕਿ ਅਸੀਂ ਭਾਰਤ ਸਰਕਾਰ ਦੇ ਡਿਪਲੋਮੈਟਾਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਟਰੂਡੋ ਨੇ ਕਿਹਾ, 'ਅਸੀਂ ਇਸ ਮੁੱਦੇ 'ਤੇ ਕਿਸੇ ਕਿਸਮ ਦੀ ਲੜਾਈ ਨਹੀਂ ਚਾਹੁੰਦੇ। ਪਰ ਅਸੀਂ ਸਪੱਸ਼ਟ ਤੌਰ 'ਤੇ ਹਮੇਸ਼ਾ ਕਾਨੂੰਨ ਨਾਲ ਖੜ੍ਹੇ ਰਹਾਂਗੇ। ਕਿਉਂਕਿ ਕੈਨੇਡਾ ਕਾਨੂੰਨ ਦੇ ਰਾਜ ਵਿੱਚ ਵਿਸ਼ਵਾਸ ਰੱਖਦਾ ਹੈ। ਵਰਣਨਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਇਸ ਸਾਲ 18 ਜੂਨ ਨੂੰ ਸਰੀ ਦੇ ਇਕ ਗੁਰਦੁਆਰੇ ਦੇ ਪਾਰਕਿੰਗ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਨਿੱਝਰ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ ਹੋਇਆ ਸੀ।