ਟਵਿਟਰ ਦੇ 250 ਕਰਮਚਾਰੀਆਂ ਦੀ ਭਾਰਤ ’ਚ ਹੋਇ ਛੁੱਟੀ, ਮਸਕ ’ਤੇ 3700 ਕਰਮਚਾਰੀਆਂ ਨੇ ਕੀਤਾ ਮੁਕੱਦਮਾ। 

ਟਵਿਟਰ ਦੇ 250 ਕਰਮਚਾਰੀਆਂ ਦੀ ਭਾਰਤ ’ਚ ਹੋਇ ਛੁੱਟੀ, ਮਸਕ ’ਤੇ 3700 ਕਰਮਚਾਰੀਆਂ ਨੇ ਕੀਤਾ ਮੁਕੱਦਮਾ। 

 

ਟਵਿਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਭਾਰਤ ’ਚ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਸੂਤਰਾਂ ਮੁਤਾਬਕ ਭਾਰਤ ’ਚ ਕੰਪਨੀ ਦੇ ਕਰੀਬ 250 ਕਰਮਚਾਰੀ ਸਨ। ਸੂਤਰਾਂ ਮੁਤਾਬਕ ਮਾਰਕੀਟਿੰਗ, ਕਮਿਊਨੀਕੇਸ਼ਨ ਅਤੇ ਕੁੱਝ ਦੂਜੇ ਵਿਭਾਗਾਂ ’ਚ ਕਰਮਚਾਰੀਆਂ ਦੀ ਛੁੱਟੀ ਕੀਤੀ ਗਈ ਹੈ।
ਉਧਰ ਸੇਨ ਫ੍ਰਾਂਸਿਸਕੋ ’ਚ ਐਲਨ ਮਸਕ ਮੁਸ਼ਕਲਾਂ ’ਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਿਕ ਟਵਿਟਰ ’ਚ ਕਰਮਚਾਰੀਆਂ ਦੀ ਛਾਂਟੀ ਦੇ ਫੈਸਲੇ ਨੂੰ ਲੈ ਉਨ੍ਹਾਂ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਤੋਂ ਪਹਿਲਾਂ ਕੰਪਨੀ ਨੇ ਕਰਮਚਾਰੀਆਂ ਨੂੰ ਇਕ ਮੇਲ ਭੇਜ ਕੇ ਕਿਹਾ ਕਿ ਸ਼ੁੱਕਰਵਾਰ ਨੂੰ ਛਾਂਟੀ ਕੀਤੀ ਜਾਵੇਗੀ। ਇਕ ਸੂਤਰ ਨੇ ਕਿਹਾ ਕਿ ਛਾਂਟੀ ਨੇ ਭਾਰਤੀ ਟੀਮ ਦੇ ‘ਅਹਿਮ ਹਿੱਸੇ’ ਨੂੰ ਪ੍ਰਭਾਵਿਤ ਕੀਤਾ ਹੈ। ਟਵਿਟਰ ਇੰਡੀਆ ਨੇ ਇਸ ਸਬੰਧ ’ਚ ਈ-ਮੇਲ ਰਾਹੀਂ ਕੀਤੇ ਗਏ ਸਵਾਲਾਂ ਦਾ ਜਵਾਬ ਖਬਰ ਲਿਖੇ ਜਾਣ ਤੱਕ ਨਹੀਂ ਦਿੱਤਾ ਸੀ।ਮਸਕ ਦੇ ਟਵਿਟਰ ਨੂੰ ਐਕਵਾਇਰ ਕਰਨ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਚਰਚਾ ਸੀ ਕਿ ਉਹ ਸੋਸ਼ਲ ਮੀਡੀਆ ਕੰਪਨੀ ’ਚ ਕਰਮਚਾਰੀਆਂ ਦੀ ਗਿਣਤੀ ’ਚ ਕਟੌਤੀ ਕਰਨਗੇ। ਕੁੱਝ ਖਬਰਾਂ ’ਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਉਹ ਕਰਮਚਾਰੀਆਂ ਦੀ ਗਿਣਤੀ ’ਚ 75 ਫੀਸਦੀ ਦੀ ਕਮੀ ਕਰਨਗੇ।

ਉਧਰ ਸੇਨ ਫ੍ਰਾਂਸਿਸਕੋ ’ਚ ਐਲਨ ਮਸਕ ਦੇ ਲਗਭਗ 3700 ਨੌਕਰੀਆਂ ਨੂੰ ਖਤਮ ਕਰਨ ਦੇ ਕਦਮ ਖਿਲਾਫ ਕਰਮਚਾਰੀਆਂ ਨੇ ਉਨ੍ਹਾਂ ’ਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਕੰਪਨੀ ਲੋੜੀਂਦੇ ਨੋਟਿਸ ਤੋਂ ਬਿਨਾਂ ਸੰਘੀ ਅਤੇ ਕੈਲੀਫੋਰਨੀਆ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ।ਸੇਨ ਫ੍ਰਾਂਸਿਸਕੋ ਸੰਘੀ ਅਦਾਲਤ ’ਚ ਵੀਰਵਾਰ ਨੂੰ ਇਕ ਕਲਾਸ-ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ। ਹਾਲਾਂਕਿ ਇਸ ਬਾਰੇ ਟਵਿਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਦਰਅਸਲ ਫੈਡਰਲ ਕਰਮਚਾਰੀ ਅਡਜਸਟਮੈਂਟ ਅਤੇ ਰੀਟਰੇਨਿੰਗ ਨੋਟੀਫਿਕੇਸ਼ਨ ਐਕਟ ਵੱਡੀਆਂ ਕੰਪਨੀਆਂ ਨੂੰ ਘੱਟੋ-ਘੱਟ 60 ਦਿਨਾਂ ਦੇ ਅਗਾਊਂ ਨੋਟਿਸ ਤੋਂ ਬਿਨਾਂ ਵੱਡੇ ਪੱਧਰ ’ਤੇ ਛਾਂਟੀ ਕਰਨ ਤੋਂ ਰੋਕਦਾ ਹੈ।ਵੀਰਵਾਰ ਨੂੰ ਸ਼ਿਕਾਇਤ ਦਰਜ ਕਰਨ ਵਾਲੇ ਵਕੀਲ ਸ਼ੈਨਨ ਲਿਸ-ਰਿਓਰਡਨ ਨੇ ਕਿਹਾ ਕਿ ਅਸੀਂ ਇਹ ਮੁਕੱਦਮਾ ਅੱਜ ਰਾਤ ਇਹ ਯਕੀਨੀ ਕਰਨ ਦੇ ਯਤਨ ਨਾਲ ਦਾਇਰ ਕੀਤਾ ਹੈ ਕਿ ਕਰਮਚਾਰੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਦੇ ਕੋਲ ਆਪਣੇ ਅਧਿਕਾਰਾਂ ਲਈ ਲੜਨ ਦਾ ਮੌਕਾ ਹੈ।ਜੂਨ ’ਚ ਵੀ ਲਿਸ-ਰਿਓਰਡਨ ਨੇ ਟੈਸਲਾ ’ਤੇ ਮੁਕੱਦਮਾ ਦਾਇਰ ਕੀਤਾ ਸੀ। ਐਲਨ ਮਸਕ ਦੀ ਇਸ ਇਲੈਕਟ੍ਰਿਕ-ਕਾਰ ਨਿਰਮਾਤਾ ਕੰਪਨੀ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ ’ਚ ਕਰੀਬ 10 ਫੀਸਦੀ ਦੀ ਕਟੌਤੀ ਕਰ ਦਿੱਤੀ ਸੀ।


ਐਲਨ ਮਸਕ ਵਲੋਂ ਟਵਿਟਰ ਨੂੰ ਐਕਵਾਇਰ ਕਰਨ ਤੋਂ ਬਾਅਦ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹੁਣ ਕੰਪਨੀ ਨੇ ਵੀਰਵਾਰ ਨੂੰ ਈ-ਮੇਲ ਰਾਹੀਂ ਕਰਮਚਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਛਾਂਟੀ ਬਾਰੇ ਕਰਮਚਾਰੀਆਂ ਨੂੰ ਸੂਚਿਤ ਕਰਨਗੇ। ਬਰਖਾਸਤ ਕੀਤੇ ਗਏ ਲੋਕਾਂ ਨੂੰ ਉਨ੍ਹਾਂ ਦੇ ਨਿੱਜੀ ਈ-ਮੇਲ ’ਤੇ ਅਗਲੇ ਪੜਾਅ ਬਾਰੇ ਸੂਚਿਤ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਐਲਨ ਮਸਕ ਨੇ ਟਵਿਟਰ ਦੇ ਸੀ. ਈ. ਓ. ਪਰਾਗ ਅੱਗਰਵਾਲ ਸਮੇਤ ਟੌਪ ਮੈਨੇਜਮੈਂਟ ਦੇ ਕਈ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।