- Updated: May 24, 2023 08:39 PM
ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਇਕ ਅਜਿਹਾ ਕਦਮ ਚੁੱਕਿਆ ਹੈ, ਜੋ ਭਾਰਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬ੍ਰਿਟੇਨ ਸਰਕਾਰ ਨੇ ਨਵੀਂ ਇਮੀਗ੍ਰੇਸ਼ਨ ਕਾਰਵਾਈ ਦਾ ਐਲਾਨ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਖ਼ਾਸ ਹਾਲਾਤਾਂ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਨਾਲ ਨਹੀਂ ਲਿਆ ਸਕਣਗੇ। ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਹਾਊਸ ਆਫ ਕਾਮਨਜ਼ ਨੂੰ ਦਿੱਤੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਖੋਜ ਪ੍ਰੋਗਰਾਮਾਂ ਵਿਚ ਨਾਮਜ਼ਦ ਪੋਸਟ ਗ੍ਰੈਜੂਏਟ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਆਪਣੇ ਆਸ਼ਰਿਤਾਂ ਵਜੋਂ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਵਿੱਚ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਭਾਰਤੀ ਮੂਲ ਦੀ ਮੰਤਰੀ ਨੇ ਕਿਹਾ ਕਿ ਦਸੰਬਰ 2022 ਵਿਚ ਖ਼ਤਮ ਹੋਏ ਸਾਲ ਵਿੱਚ ਵਿਦਿਆਰਥੀਆਂ ਦੇ ਆਸ਼ਰਿਤਾਂ ਨੂੰ ਲਗਭਗ 1,36,000 ਵੀਜ਼ੇ ਦਿੱਤੇ ਜਾਣ ਤੋਂ ਬਾਅਦ ਉਪਾਵਾਂ ਦੇ ਨਵੇਂ ਪੈਕੇਜ ਜ਼ਰੂਰੀ ਸੀ, ਕਿਉਂਕਿ ਇਹ ਸੰਖਿਆ 2019 ਦੇ 16,000 ਦੇ ਅੰਕੜੇ ਤੋਂ 8 ਗੁਣਾ ਤੋਂ ਵੱਧ ਹੈ। ਮੰਤਰੀ ਨੇ "ਬੇਈਮਾਨ" ਸਿੱਖਿਆ ਏਜੰਟਾਂ 'ਤੇ ਕਾਰਵਾਈ ਕਰਨ ਲਈ ਕਦਮ ਚੁੱਕਣ ਦਾ ਵਾਅਦਾ ਕੀਤਾ। ਵਿਦਿਅਕ ਖੇਤਰ ਅਤੇ ਮੁੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਨਵੀਆਂ ਪਾਬੰਦੀਆਂ "ਜਲਦੀ ਤੋਂ ਜਲਦੀ" ਲਾਗੂ ਹੋ ਸਕਦੀਆਂ ਹਨ।