ਰੂਸ ''ਤੇ ਯੂਕ੍ਰੇਨ ਨੇ 50 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ

ਰੂਸ ''ਤੇ ਯੂਕ੍ਰੇਨ ਨੇ 50 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ

ਯੂਕ੍ਰੇਨ ਨੇ ਰੂਸ ਦੇ ਸਰਹੱਦੀ ਖੇਤਰ ਰੋਸਤੋਵ ‘ਤੇ 50 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ ਹੈ। ਮਾਸਕੋ ਦੇ ਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਦੀ ਧਰਤੀ 'ਤੇ ਯੂਕ੍ਰੇਨ ਦੇ ਇਸ ਹਮਲੇ ਨੂੰ ਹੁਣ ਤੱਕ ਦੇ ਯੁੱਧ ਦੇ ਸਭ ਤੋਂ ਵੱਡੇ ਹਵਾਈ ਹਮਲੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਮੋਰੋਜ਼ੋਵਸਕੀ ਜ਼ਿਲ੍ਹੇ ਵਿੱਚ ਕੁੱਲ 44 ਡਰੋਨ ਦੇਖੇ ਗਏ ਅਤੇ ਨਸ਼ਟ ਕੀਤੇ ਗਏ।

ਮੋਰੋਜ਼ੋਵਸਕੀ ਯੂਕ੍ਰੇਨੀ ਸਰਹੱਦ ਤੋਂ ਲਗਭਗ 100 ਕਿਲੋਮੀਟਰ ਦੂਰ ਇੱਕ ਜ਼ਿਲ੍ਹਾ ਹੈ। ਰੋਸਟੋਵ ਦੇ ਗਵਰਨਰ ਵਸੀਲੀ ਗੋਲੂਬੇਵ ਨੇ ਕਿਹਾ ਕਿ ਹਮਲੇ ਵਿੱਚ ਇੱਕ ਊਰਜਾ ਪਲਾਂਟ ਨੂੰ ਨੁਕਸਾਨ ਪਹੁੰਚਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਸਰਹੱਦੀ ਖੇਤਰਾਂ ਕੁਰਸਕ, ਬੇਲਗੋਰੋਡ, ਕ੍ਰਾਸਨੋਡਾਰ ਅਤੇ ਨੇੜਲੇ ਸਾਰਾਤੋਵ ਖੇਤਰ ਵਿੱਚ ਨੌਂ ਹੋਰ ਡਰੋਨ ਦੇਖੇ ਗਏ ਹਨ। ਯੂਕ੍ਰੇਨ ਦੇ ਅਧਿਕਾਰੀਆਂ ਨੇ ਅਜਿਹੇ ਹਮਲਿਆਂ 'ਤੇ ਕੋਈ ਟਿੱਪਣੀ ਜਾਂ ਪ੍ਰਤੀਕਿਰਿਆ ਨਹੀਂ ਕੀਤੀ।