ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਪਹੁੰਚੇ ਫ਼ਿਰੋਜ਼ਪੁਰ,ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣਿਆਂ ਨੂੰ ਯਾਦਗਾਰ ਬਣਾਉਣ ਦਾ ਕੀਤਾ ਐਲਾਨ

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਪਹੁੰਚੇ ਫ਼ਿਰੋਜ਼ਪੁਰ,ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣਿਆਂ ਨੂੰ ਯਾਦਗਾਰ ਬਣਾਉਣ ਦਾ ਕੀਤਾ ਐਲਾਨ

ਕੇਂਦਰੀ ਰਾਜ ਮੰਤਰੀ (ਕਾਨੂੰਨ ਅਤੇ ਨਿਆਂ ਮੰਤਰੀ ਅਤੇ ਕੇਂਦਰੀ ਸੱਭਿਆਚਾਰਕ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ) ਅਰਜੁਨ ਰਾਮ ਮੇਘਵਾਲ ਵੀਰਵਾਰ ਨੂੰ ਫਿਰੋਜ਼ਪੁਰ ਪਹੁੰਚੇ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਤੂੜੀ ਬਾਜ਼ਾਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਦਾ ਜਾਇਜ਼ਾ ਲਿਆ।

ਮੇਘਵਾਲ ਨੇ ਕਿਹਾ ਕਿ ਸ਼ਹਿਰ ਦੇ ਤੂੜੀ ਬਾਜ਼ਾਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਨੂੰ ਜਲਦੀ ਹੀ ਯਾਦਗਾਰ ਬਣਾਇਆ ਜਾਵੇਗਾ। ਇਥੇ ਸ਼ਹੀਦਾਂ ਦੀ ਜੀਵਨੀ ਨਾਲ ਸਬੰਧਤ ਇਤਿਹਾਸ ਨੂੰ ਰਖਿਆ ਜਾਵੇਗਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਬਾਰੇ ਜਾਣਕਾਰੀ ਮਿਲ ਸਕੇ। ਮੰਤਰੀ ਨੇ ਇਸ ਇਮਾਰਤ ਵਿਚ ਰਹਿ ਰਹੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਤੋਂ ਪਹਿਲਾਂ ਮੰਤਰੀ ਮੇਘਵਾਲ ਨੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ|

ਮੇਘਵਾਲ ਨੇ ਕਿਹਾ ਕਿ ਅਸੀਂ ਇਸ ਇਮਾਰਤ ਦਾ ਦੌਰਾ ਕਰਨ ਆਏ ਹਾਂ ਤਾਂ ਜੋ ਇਸ ਨੂੰ ਯਾਦਗਾਰੀ ਬਣਾਇਆ ਜਾ ਸਕੇ। ਆਉਣ ਵਾਲੀ ਪੀੜ੍ਹੀ ਉਨ੍ਹਾਂ ਸ਼ਹੀਦਾਂ ਬਾਰੇ ਜਾਣ ਸਕਣ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਪਣਾ ਯੋਗਦਾਨ ਪਾਇਆ ਅਤੇ ਕੁਰਬਾਨੀਆਂ ਦਿਤੀਆਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀਆਂ ਨੇ ਦੇਸ਼ ਨੂੰ ਕਿਵੇਂ ਆਜ਼ਾਦ ਕਰਵਾਇਆ, ਇਹ ਸਿਰਫ਼ ਇਤਿਹਾਸ ਦੇ ਪੰਨਿਆਂ ਵਿਚ ਹੀ ਦਰਜ ਨਹੀਂ ਹੋਣਾ ਚਾਹੀਦਾ, ਦੇਸ਼ ਦੇ ਹਰ ਵਿਅਕਤੀ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਇਸ ਇਮਾਰਤ ਨੂੰ ਯਾਦਗਾਰ ਬਣਾ ਕੇ ਇਥੇ ਸ਼ਹੀਦਾਂ ਦੀ ਜੀਵਨੀ ਨਾਲ ਸਬੰਧਤ ਯਾਦਾਂ ਰੱਖੀਆਂ ਜਾਣ। ਜਿਨ੍ਹਾਂ ਨੂੰ ਦੇਖ ਕੇ ਅਤੇ ਪੜ੍ਹ ਕੇ ਨੌਜਵਾਨ ਉਨ੍ਹਾਂ ਦੇ ਦਰਸਾਏ ਕਦਮਾਂ 'ਤੇ ਚੱਲਣ।

ਮੇਘਵਾਲ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਪਹਿਲੀ ਵਾਰ ਕੋਈ ਕੇਂਦਰੀ ਮੰਤਰੀ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀਆਂ ਦੀ ਇਸ ਯਾਦਗਾਰ ਨੂੰ ਦੇਖਣ ਆਇਆ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਮੰਤਰੀ ਸ਼ਹੀਦਾਂ ਦੀ ਇਸ ਯਾਦਗਾਰ ਨੂੰ ਦੇਖਣ ਨਹੀਂ ਆਇਆ। ਇਸ ਮੌਕੇ ਮੰਤਰੀ ਨੇ ਇਸ ਇਮਾਰਤ ਵਿਚ ਰਹਿ ਰਹੇ ਲੋਕਾਂ ਨੂੰ ਭਰੋਸਾ ਦਿਤਾ ਕਿ ਜੇਕਰ ਇਹ ਇਮਾਰਤ ਯਾਦਗਾਰ ਬਣ ਜਾਂਦੀ ਹੈ ਤਾਂ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇਗਾ। ਇਸ ਮੌਕੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ ਤੇ ਹੋਰ ਅਧਿਕਾਰੀ ਹਾਜ਼ਰ ਸਨ।