ਅਮਰੀਕਾ ਦਾ ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਲਾਂਟ ''ਤੇ ਡਰੋਨ ਹਮਲੇ ਤੋਂ ਬਾਅਦ ਆਇਆ ਬਿਆਨ, ‘ਫੌਜ ਵਾਪਸ ਸੱਦੇ ਰੂਸ ’

ਅਮਰੀਕਾ ਦਾ ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਲਾਂਟ ''ਤੇ ਡਰੋਨ ਹਮਲੇ ਤੋਂ ਬਾਅਦ ਆਇਆ ਬਿਆਨ, ‘ਫੌਜ ਵਾਪਸ ਸੱਦੇ ਰੂਸ ’

ਜ਼ਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ 'ਤੇ ਹਮਲੇ ਦੇ ਇਕ ਦਿਨ ਬਾਅਦ, ਸੰਯੁਕਤ ਰਾਜ ਅਮਰੀਕਾ ਨੇ ਰੂਸ ਨੂੰ ਪਲਾਂਟ ਤੋਂ ਅਪਣੇ ਫੌਜੀ ਅਤੇ ਨਾਗਰਿਕ ਕਰਮਚਾਰੀਆਂ ਨੂੰ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਰੂਸ ਨੂੰ ਪਲਾਂਟ ਦਾ ਪੂਰਾ ਕੰਟਰੋਲ ਯੂਕਰੇਨ ਨੂੰ ਸੌਂਪਣ ਲਈ ਵੀ ਕਿਹਾ। ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਪਲਾਂਟ 'ਤੇ ਹਮਲਾ ਹੋਇਆ ਸੀ, ਜਿਸ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਬੇਹੱਦ ਘਾਤਕ ਕਰਾਰ ਦਿਤਾ ਸੀ ਅਤੇ ਪ੍ਰਮਾਣੂ ਕੇਂਦਰ ਦੇ ਨੇੜੇ ਡਰੋਨ ਹਮਲੇ ਨੂੰ ਖਤਰਨਾਕ ਕਰਾਰ ਦਿਤਾ ਸੀ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਸੀਂ ਪਲਾਂਟ 'ਤੇ ਡਰੋਨ ਹਮਲੇ ਦੀ ਰਿਪੋਰਟ ਤੋਂ ਜਾਣੂ ਹਾਂ। ਅਸੀਂ ਉਥੇ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਮਿਲਰ ਨੇ ਕਿਹਾ ਕਿ ਰੂਸ ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰਕੇ ਬਹੁਤ ਖਤਰਨਾਕ ਖੇਡ ਖੇਡ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।

ਇਸ ਦੌਰਾਨ ਪਲਾਂਟ ਦੇ ਰੂਸੀ ਪ੍ਰਸ਼ਾਸਨ ਨੇ ਕਿਹਾ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਵਿਚ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਰੂਸ ਦੀ ਮਲਕੀਅਤ ਵਾਲੀ ਪਰਮਾਣੂ ਏਜੰਸੀ ਰੋਸੈਟਮ ਨੇ ਕਿਹਾ ਕਿ ਇਹ ਪ੍ਰਮਾਣੂ ਪਲਾਂਟ 'ਤੇ ਇਕ ਡਰੋਨ ਹਮਲਾ ਸੀ, ਜਿਸ ਨੂੰ ਰੂਸੀ ਬਲਾਂ ਨੇ 2022 ਵਿਚ ਯੂਕਰੇਨ ਦੇ ਪੂਰੇ ਪੈਮਾਨੇ 'ਤੇ ਹਮਲੇ ਤੋਂ ਤੁਰੰਤ ਬਾਅਦ ਅਪਣੇ ਕਬਜ਼ੇ ਵਿ ਚ ਲੈ ਲਿਆ ਸੀ। ਪਲਾਂਟ ਦੇ ਅਧਿਕਾਰੀਆਂ ਮੁਤਾਬਕ ਰੇਡੀਏਸ਼ਨ ਦਾ ਪੱਧਰ ਆਮ ਸੀ ਅਤੇ ਹਮਲੇ ਤੋਂ ਬਾਅਦ ਕੋਈ ਖਾਸ ਨੁਕਸਾਨ ਨਹੀਂ ਹੋਇਆ। ਆਈਏਈਏ ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ ਨੇ ਦੋਵਾਂ ਧਿਰਾਂ ਨੂੰ ਪ੍ਰਮਾਣੂ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ ਚੇਤਾਵਨੀ ਦਿਤੀ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਵਲੋਂ ਭਾਰਤ 'ਤੇ ਉਨ੍ਹਾਂ ਦੇ ਦੇਸ਼ 'ਚ ਦਾਖਲ ਹੋ ਕੇ ਹਤਿਆ ਕਰਨ ਦੇ ਲਗਾਏ ਗਏ ਕਥਿਤ ਇਲਜ਼ਾਮਾ 'ਤੇ ਅਮਰੀਕਾ ਦੀ ਸਥਿਤੀ ਦੇ ਸਵਾਲ 'ਤੇ ਮਿਲਰ ਨੇ ਕਿਹਾ ਕਿ ਅਸੀਂ ਫਿਲਹਾਲ ਮੀਡੀਆ ਰਿਪੋਰਟਾਂ ਨੂੰ ਦੇਖ ਰਹੇ ਹਾਂ। ਅਸੀਂ ਫਿਲਹਾਲ ਇਸ ਮੁੱਦੇ 'ਤੇ ਨਹੀਂ ਬੋਲਾਂਗੇ। ਅਸੀਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਦੋਵੇਂ ਧਿਰਾਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨ।