- Updated: April 03, 2024 03:26 PM
ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਵੱਡੀਆਂ ਹਸਤੀਆਂ ਦਾ ਰਾਜਨੀਤਕ ਪਾਰਟੀ ਜੁਆਇਨ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਦਰਮਿਆਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਰਿਆਣਾ ਵਿਚ ਭਿਵਾਨੀ ਦੇ ਰਹਿਣ ਵਾਲੇ ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਨਵੀਂ ਦਿੱਲੀ ਵਿਚ ਭਾਜਪਾ ਦੇ ਮੁੱਖ ਦਫਤਰ ਵਿਚ ਪਾਰਟੀ ਜੁਆਇਨ ਕੀਤੀ।
ਦੱਸ ਦੇਈਏ ਕਿ ਚਰਚਾ ਸੀ ਕਿ ਵੀਜੇਂਦਰ ਸਿੰਘ ਕਾਂਗਰਸ ਦੀ ਟਿਕਟ ‘ਤੇ ਮਥੁਰਾ ਤੋਂ ਚੋਣ ਲੜ ਸਕਦੇ ਹਨ ਪਰ ਉਸ ਤੋਂ ਪਹਿਲਾਂ ਹੀ ਵਿਜੇਂਦਰ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਹੈ। ਸਿੰਘ ਜਾਟ ਭਾਈਚਾਰੇ ਨਾਲ ਤਾਲੁਕ ਰੱਖਦੇ ਹਨ, ਜਿਸ ਦਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਵੱਡੀ ਗਿਣਤੀ 'ਚ ਸੀਟਾਂ 'ਤੇ ਰਾਜਨੀਤਕ ਪ੍ਰਭਾਵ ਹੈ। ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਦੱਖਣ ਦਿੱਲੀ ਸੀਟ ਤੋਂ ਕਾਂਗਰਸ ਦੇ ਟਿਕਟ 'ਤੇ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੇ 2008 ਬੀਜਿੰਗ ਓਲੰਪਿਕ 'ਚ ਮੁੱਕੇਬਾਜ਼ੀ 'ਚ ਕਾਂਸੀ ਤਮਗਾ ਜਿੱਤਿਆ ਸੀ. ਉਨ੍ਹਾਂ ਨੇ ਕਈ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਵੀ ਦੇਸ਼ ਲਈ ਤਮਗੇ ਜਿੱਤੇ ਹਨ।
ਵਿਜੇਂਦਰ ਨੇ 3 ਮਹੀਨੇ ਪਹਿਲਾਂ ਇਕ ਟਵੀਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ-‘ਰਾਜਨੀਤੀ ਨੂੰ ਰਾਮ-ਰਾਮ ਭਾਈ’। ਉਨ੍ਹਾਂ ਦੇ ਇਸ ਬਿਆਨ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਸਿਆਸਤ ਤੋਂ ਤੌਬਾ ਕਰ ਲਈ ਹੈ। ਹਾਲਾਂਕਿ ਇਸ ਦੇ ਬਾਅਦ ਉਨ੍ਹਾਂ ਨੇ ਇਸ ਨੂੰ ਖਾਰਜ ਕਰਦੇ ਹੋਏ ਸਿਆਸਤ ਵਿਚ ਸਰਗਰਮ ਰਹਿਣ ਦਾ ਵੀ ਐਲਾਨ ਕੀਤਾ ਸੀ।