- Updated: May 30, 2023 12:25 AM
ਖਾਲਿਸਤਾਨ ਕਮਾਂਡੋ ਫੋਰਸ ਮਿਸਲ ਦੇ ਜਥੇਦਾਰ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕੋਲਨ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਏ ਗਏ। ਅਖੰਡ ਕੀਰਤਨੀ ਜਥੇ ਵੱਲੋਂ ਰੈਣ ਸਬਾਈ ਕੀਰਤਨ ਕੀਤੇ ਗਏ। ਇੱਥੇ ਦੱਸ ਦਈਏ ਕਿ ਭਾਈ ਪੰਜਵੜ ਜਰਮਨ ਦੀ ਧਰਤੀ ਤੋਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਸਰਗਰਮ ਸੀ। ਇਸ ਮੌਕੇ ਸਜੇ ਦੀਵਾਨਾਂ ਵਿੱਚ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਕੀਰਤਨ ਕੀਤੇ ਗਏ ਅਤੇ ਭਾਈ ਸੁਰਜੀਤ ਸਿੰਘ ਵੱਲੋਂ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸ਼ਹੀਦੀ ਸਮਾਗਮ ਵਿੱਚ ਇੰਗਲੈਂਡ, ਹਾਲੈਂਡ, ਬੈਲਜੀਅਮ, ਫਰਾਂਸ ਤੇ ਜਰਮਨ ਦੀਆਂ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਦੇ ਪਹੁੰਚੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇੰਗਲੈਂਡ ਤੋਂ ਪਹੁੰਚੇ ਭਾਈ ਜੋਗਾ ਸਿੰਘ ਬੱਬਰ, ਭਾਈ ਗੁਰਪ੍ਰੀਤ ਸਿੰਘ, ਹਾਲੈਂਡ ਤੋਂ ਜਥੇਦਾਰ ਕਰਮ ਸਿੰਘ, ਫਰਾਂਸ ਤੋਂ ਭਾਈ ਸਤਨਾਮ ਸਿੰਘ , ਭਾਈ ਸ਼ਿਗਾਰਾ ਸਿੰਘ ਮਾਨ, ਇੰਟਰਨੈਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹੀਰਾ ਸਿੰਘ ਮੱਤੇਵਾਲ, ਭਾਈ ਗੁਰਚਰਨ ਸਿੰਘ ਗੁਰਾਇਆ ,ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ ਤੇ ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਦੇ ਭਾਈ ਰੇਸ਼ਮ ਸਿੰਘ ਬੱਬਰ, ਭਾਈ ਜਗਤਾਰ ਸਿੰਘ ਮਾਹਲ, ਭਾਈ ਗੁਰਪਾਲ ਸਿੰਘ ਪਾਲਾ, ਭਾਈ ਭੁਪਿੰਦਰ ਸਿੰਘ ਪਹਿਲਵਾਨ ਨੇ ਭਾਈ ਹਰਦਵਿੰਦਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਇਸ ਮੌਕੇ ਪੰਥਕ ਜਥੇਬੰਦੀਆਂ ਅਤੇ ਸ਼ਖਸੀਅਤਾਂ ਵੱਲੋਂ ਸ਼ਹੀਦ ਭਾਈ ਪੰਜਵੜ ਦੇ ਸਪੁੱਤਰ ਸ਼ਾਹਬਾਜ ਸਿੰਘ ਤੇ ਭਤੀਜੇ ਭਾਈ ਹਰਿੰਦਰ ਸਿੰਘ ਨੂੰ ਸਿਰੋਪਾਉ ਤੇ ਸਾਂਝੇ ਤੌਰ 'ਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਵੱਲੋਂ ਨਿਭਾਈਆਂ ਮਹਾਨ ਸੇਵਾਵਾਂ ਲਈ ਸਿੱਖ ਇਤਿਹਾਸ ਦੇ ਜਾਬਾਂਜ ਜਰਨੈਲ ਜਥੇਦਾਰ ਹਰੀ ਸਿੰਘ ਨਲਵਾ ਦੇ ਖ਼ਿਤਾਬ ਨਾਲ ਸਨਮਾਨ ਦੀ ਤਖ਼ਤੀ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਈ। ਉਹਨਾਂ ਵੱਲੋਂ ਸਮੁੱਚੀਆਂ ਸੰਗਤਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਤੇ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਫੋਟੋ ਗੁਰਦੁਆਰਾ ਸਾਹਿਬ ਦੇ ਅਜਾਇਬ ਘਰ ਵਿੱਚ ਲਗਾਈ ਗਈ।