- Updated: August 18, 2024 10:49 AM
ਧਨੌਲਾ ਦੇ ਨੇੜਲੇ ਪਿੰਡ ਅਤਰਗੜ੍ਹ ਦੇ ਜੰਮਪਲ ਨੌਜਵਾਨ ਜਸਪਰਿੰਦਰਪਾਲ ਸਿੰਘ (32) ਨੇ ਕੈਨੇਡਾ ਦੇ ਸ਼ਹਿਰ ਕਿੰਗਸਟੋਨ (ਉਟਾਰੀਓ) ਪੁਲਿਸ ਵਿਚ ਭਰਤੀ ਹੋ ਕੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਭਰਤੀ ਹੋਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ।
ਜਾਣਕਾਰੀ ਦਿੰਦਿਆ ਹੋਇਆ ਜਸਪਰਿੰਦਰਪਾਲ ਸਿੰਘ ਦੇ ਪਿਤਾ ਨੇਕ ਸਿੰਘ ਵਾਸੀ ਅਤਰਗੜ੍ਹ ਤੇ ਮਾਤਾ ਰਣਧੀਰ ਕੌਰ ਨੇ ਦਸਿਆ ਕਿ ਜਸਪਰਿੰਦਰਪਾਲ ਜਿਸ ਨੇ ਮੁੱਢਲੀ ਪੜ੍ਹਾਈ ਪਹਿਲੀ ਕਲਾਸ ਤੋਂ ਪੰਜਵੀਂ ਤਕ ਪਿੰਡ ਕੁੱਬੇ ਵਿਖੇ ਕੀਤੀ। ਇਸ ਤੋਂ ਬਾਅਦ ਉਹ ਭਾਈ ਦਿਆਲਾ ਪਬਲਿਕ ਸਕੂਲ ਲੌਂਗੋਵਾਲ ਅਤੇ 11ਵੀਂ ਅਤੇ 12ਵੀਂ ਦੀ ਪੜ੍ਹਾਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਚ ਕੀਤੀ। ਇਸ ਤੋਂ ਉਪਰੰਤ ਉਹ ਬੀਟੈਕ ਕਰ ਕੇ 2015 ਵਿਚ ਆਸਟ੍ਰੇਲੀਆ ਚਲਾ ਗਿਆ ਸੀ ਜਿਸ ਤੋਂ ਬਾਅਦ ਲਾਕਡਾਊਨ ਲੱਗ ਗਿਆ। ਇਸ ਉਪਰੰਤ ਉਹ ਵਾਪਸ ਪੰਜਾਬ ਆ ਗਿਆ। ਇਸ ਤੋਂ ਬਾਅਦ ਉਹ ਅਪਣੀ ਪੜ੍ਹਾਈ ਪ੍ਰਤੀ ਮੇਹਨਤ ਤੇ ਲਗਨ ਨਾਲ ਮੁੜ ਆਈਲੈਟਸ ਦਾ ਪੇਪਰ ਦੇ ਕੇ 8.5 ਬੈਂਡ ਹਾਸਲ ਕਰਦਿਆਂ ਹੋਇਆ ਕੈਨੇਡਾ ਪੀਆਰ ਦੀ ਫਾਈਲ ਲਗਾ ਕੇ ਮੁੜ ਆਸਟ੍ਰੇਲੀਆ ਚਲਾ ਗਿਆ।
ਪਰ ਉਸ ਨੂੰ ਅਜੇ ਆਸਟਰੇਲੀਆ ਗਏ ਨੂੰ ਮਹਿਜ ਛੇ ਮਹੀਨੇ ਹੀ ਹੋਏ ਸਨ ਕਿ ਉਸ ਨੂੰ ਕੈਨੇਡਾ ਵਲੋਂ ਵੀ ਸੱਦਾ ਮਿਲਣ ਉਪਰੰਤ ਕੈਨੇਡਾ ਦੇ ਸ਼ਹਿਰ ਕਿੰਗਸਟੋਨ (ਉਟਾਰੀਓ) ਚਲਾ ਗਿਆ ਜਿੱਥੇ ਉਹ ਕੈਬ ਚਲਾਉਂਣ ਦੇ ਨਾਲ ਨਾਲ ਪੜ੍ਹਾਈ ਵੀ ਕਰਦਾ ਰਿਹਾ ਜਦੋਂ ਕੈਨੇਡਾ ਵਿਚ ਪੁਲਿਸ ਦੇ ਜੇਲ ਵਿਭਾਗ ਵਿਚ ਭਰਤੀ ਆਈ ਤਾਂ ਉਸ ਨੇ ਅਪਲਾਈ ਕੀਤਾ ਤਾਂ ਉਹ ਬਹੁਤ ਅਣਥੱਕ ਮਿਹਨਤ ਕਰ ਕੇ ਇਹ ਨੌਕਰੀ ਹਾਸਲ ਕਰਨ ਵਿਚ ਕਾਮਯਾਬ ਰਿਹਾ। ਜਸਪਰਿੰਦਰਪਾਲ ਦੇ ਪਿੰਡ ਅਤਰਗੜ੍ਹ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।