ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ; 95% ਸਰੀਰ ਗਿਆ ਝੁਲਸ 

ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ; 95% ਸਰੀਰ ਗਿਆ ਝੁਲਸ 

ਜਲੰਧਰ 'ਚ ਅਪਣੇ ਸਹੁਰਿਆਂ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਮਿੱਟੀ ਦਾ ਤੇਲ ਪਾ ਕੇ ਅਪਣੇ ਆਪ ਨੂੰ ਅੱਗ ਲਗਾ ਲਈ। ਜਿਸ ਕਾਰਨ ਨੌਜਵਾਨ ਗੰਭੀਰ ਰੂਪ 'ਚ ਝੁਲਸ ਗਿਆ। ਨੌਜਵਾਨ ਨੂੰ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਹੈ। ਨੌਜਵਾਨ ਦੇ ਸਰੀਰ ਦਾ ਲਗਭਗ 95 ਫ਼ੀ ਸਦੀ ਹਿੱਸਾ ਸੜ ਗਿਆ ਹੈ।

ਪਰਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ 37 ਸਾਲਾ ਜਸਵਿੰਦਰ ਸਿੰਘ ਨੇ ਅਪਣੇ ਸਹੁਰਿਆਂ ਤੋਂ ਤੰਗ ਆ ਕੇ ਖੁਦ 'ਤੇ ਤੇਲ ਪਾ ਕੇ ਅੱਗ ਲਗਾ ਲਈ। ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਰਵਾਰ ਦਾ ਇਲਜ਼ਾਮ ਹੈ ਕਿ ਇਸ ਸੱਭ ਦੇ ਬਾਵਜੂਦ ਜਸਵਿੰਦਰ ਦੀ ਪਤਨੀ ਉਸ ਨੂੰ ਮਿਲਣ ਵੀ ਨਹੀਂ ਆਈ।

ਹੁਸ਼ਿਆਰਪੁਰ ਦੇ ਪਿੰਡ ਬਾਦਲ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਰਿਸ਼ਤੇਦਾਰ ਮਨਦੀਪ ਸਿੰਘ ਨੇ ਦਸਿਆ ਕਿ ਜਸਵਿੰਦਰ ਨੂੰ ਇਨਸਾਫ ਨਹੀਂ ਮਿਲਿਆ ਹੈ। ਅਪਣੇ ਸਹੁਰਿਆਂ ਤੋਂ ਪਰੇਸ਼ਾਨ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਕਰੀਬ ਸੱਤ ਸਾਲ ਪਹਿਲਾਂ ਜਸਵਿੰਦਰ ਦਾ ਵਿਆਹ ਹੋਇਆ ਸੀ। ਉਸ ਦੀ ਇਕ 6 ਸਾਲ ਦੀ ਬੇਟੀ ਅਤੇ 4 ਸਾਲ ਦਾ ਬੇਟਾ ਹੈ। ਉਹ ਪਿੰਡ ਬਾਦਲ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਮਨਦੀਪ ਨੇ ਦਸਿਆ ਕਿ ਜਸਵਿੰਦਰ ਅਕਸਰ ਬੱਚਿਆਂ ਨੂੰ ਮਿਲਣ ਲਈ ਅਪਣੀ ਪਤਨੀ ਦੇ ਘਰ ਜਾਂਦਾ ਸੀ ਪਰ ਉਸ ਦੇ ਸਹੁਰਿਆਂ ਨੇ ਉਸ ਨੂੰ ਅਪਣੇ ਬੱਚਿਆਂ ਨੂੰ ਮਿਲਣ ਨਹੀਂ ਦਿਤਾ। ਜਿਸ ਕਾਰਨ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ।

ਮਨਦੀਪ ਸਿੰਘ ਨੇ ਦਸਿਆ ਕਿ ਇਹ ਸਾਰੀ ਘਟਨਾ 17 ਮਾਰਚ (ਐਤਵਾਰ) ਦੀ ਹੈ। ਦੇਰ ਰਾਤ ਜਸਵਿੰਦਰ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੋਂ ਉਸ ਨੂੰ ਫਗਵਾੜਾ ਰੈਫਰ ਕਰ ਦਿਤਾ ਗਿਆ। ਜਸਵਿੰਦਰ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਦੇਰ ਰਾਤ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਜਸਵਿੰਦਰ ਸਿੰਘ ਨੂੰ ਵੈਂਟੀਲੇਟਰ 'ਤੇ ਪਾ ਦਿਤਾ ਹੈ। ਥਾਣਾ ਹੁਸ਼ਿਆਰਪੁਰ ਦੇ ਐਸਆਈ ਗੁਰਸ਼ਰਨ ਸਿੰਘ ਨੇ ਦਸਿਆ ਕਿ ਜਸਵਿੰਦਰ ਸਿੰਘ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ। ਬਿਆਨ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।