ਕੈਨੇਡਾ ਵਿੱਚ ਬਹਿ ਕੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੇ ਸੁਪਨੇ ਦੇਖਦਾ ਭਗੌੜਾ ਪਨੂੰ

ਕੈਨੇਡਾ ਵਿੱਚ ਬਹਿ ਕੇ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੇ ਸੁਪਨੇ ਦੇਖਦਾ ਭਗੌੜਾ ਪਨੂੰ

ਕੈਨੇਡਾ ਦੀ ਧਰਤੀ ’ਤੇ ਬਹਿ ਕੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੀ ਸਾਜ਼ਿਸ਼ਾਂ ਰਚਣ ਵਾਲੇ ‘ਸਿੱਖਫਾਰ ਜਸਟਿਸ’ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪਨੂੰ ਨੇ ਇੱਕ ਹੋਰ ਨਵਾਂ ਸ਼ਗੂਫਾ ਛੱਡਿਆ ਹੈ। ਪਨੂੰ ਦੀ ਜਥੇਬੰਦੀ ਪੰਜਾਬ ਨੂੰ ਭਾਰਤ ਤੋਂ ਤੋੜਨ ਲਈ ਕੈਨੇਡਾ ਵਿੱਚ 18 ਸਤੰਬਰ ਨੂੰ ਰੈਫਰੈਂਡਮ ਕਰਵਾਉਣ ਜਾ ਰਹੀ ਹੈ। ਇਸ ਧਰਤੀ ’ਤੇ ਸੁਪਨੇ ਦੇਖਣ ਦਾ ਅਧਿਕਾਰ ਸਾਰਿਆਂ ਨੂੰ ਹੈ ਅਤੇ ਪਨੂੰ ਜਿਹੇ ਲੋਕ ਪਿਛਲੇ ਤਿੰਨ ਦਹਾਕਿਆ ਤੋਂ ਅਜਿਹੇ ਹਸੀਨ ਸੁਪਨੇ ਦੇਖ ਰਹੇ ਹਨ ਕਿਉਕਿ ਸੁਪਨੇ ਦੇਖਣ ’ਤੇ ਦੁਨੀਆਂ ਦੇ ਕਿਸੇ ਦੇਸ਼ ਵਿੱਚ ਟੈਕਸ ਨਹੀਂ ਲੱਗਦਾ ਪਰ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਪਨੂੰ ਨੂੰ ਇਹ ਗੱਲ ਵੀ ਪਤਾ ਹੋਣੀ ਚਾਹੀਦੀ ਹੈ ਕਿ ਪੰਜਾਬ ਦਾ ਭਵਿੱਖ ਪੰਜਾਬ ਦੇ ਨਾਗਰਿਕ ਤੈਅ ਕਰਨਗੇ ਨਾ ਕਿ ਪੰਜਾਬ ਤੋਂ ਭਗੌੜੇ ਹੋ ਕੇ ਕੈਨੇਡਾ ਵਿੱਚ ਬੈਠੇ ਪਨੂੰ ਵਰਗੇ ਲੋਕ। ਮੇਰਾ ਪੰਜਾਬ 1980 ਦੇ ਦਹਾਕੇ ਦੌਰਾਨ ਪਹਿਲਾਂ ਹੀ ਕਾਫੀ ਤਪਸ਼ ਸਹਿ ਚੁੱਕਾ ਹੈ ਅਤੇ ਅਲਗਵਾਵਾਦੀ ਤਪਸ਼ ਕਾਰਨ ਹੀ ਪੰਜਾਬ ਵਿਕਾਸ ਦੇ ਪੱਖੋਂ ਪੱਛੜਿਆ ਅਤੇ ਨਾਲ ਹੀ ਪੰਜਾਬ ਦੇ ਸਿਰ ’ਤੇ ਕਰਜ਼ਾ ਵੀ ਚੜ੍ਹਿਆ। ਪੰਜਾਬ ’ਤੇ ਮੌਜੂਦਾ ਕਰੀਬ ਪੌਣੇ ਤਿੰਨ ਲੱਖ ਕਰੋੜ ਦੇ ਕਰਜ਼ ਵਿੱਚੋਂ ਇੱਕ ਵੱਡੀ ਰਕਮ ਉਸ ਵੇਲੇ ਦੌਰਾਨ ਹੋਏ ਸੁਰੱਖਿਆ ਪ੍ਰਬੰਧਾਂ ਦੇ ਖਰਚੇ ਦੀ ਹੈ। ਪੰਜਾਬ ਉਸ ਦੌਰਾਨ ਵਿੱਤੀ ਰੂਪ ਵਿੱਚ ਕਮਜ਼ੋਰ ਨਹੀਂ ਹੋਇਆ ਬਲਕਿ ਸਾਡੇ ਹਜ਼ਾਰਾਂ ਭਰਾਵਾਂ-ਭੈਣਾਂ ਦੀਆਂ ਜਾਨਾਂ ਵੀ ਗਈਆਂ। ਪਰ ਪਨੂੰ ਜਿਹੇ ਲੋਕ ਪੰਜਾਬ ਦੇ ਉਸ ਕਾਲੇ ਦੌਰ ਦੌਰਾਨ ਆਪਣਾ ਬਲੀਦਾਨ ਦੇਣ ਵਾਲੇ ਲੋਕਾਂ ਦਾ ਦਰਦ ਨਹੀਂ ਸਮਝ ਸਕਦੇ। ਇਨ੍ਹਾਂ ਲੋਕਾਂ ਦੀ ਸੋਚ ਪੰਜਾਬ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖਣ ਤੱਕ ਸੀਮਤ ਹੈ ਅਤੇ ਜਿਨ੍ਹਾਂ ਤੋਂ ਇਹ ਨਾਅਰੇ ਲਿਖਵਾਉਦੇ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਹੋਣ ’ਤੇ ਉਨ੍ਹਾਂ ਨੂੰ ਦੁਆਨੀ ਤੱਕ ਨਹੀਂ ਦਿੰਦੇ। ਜਦੋਂ ਪੁਲਿਸ ਅਜਿਹੇ ਲੋਕਾਂ ਨੂੰ ਗਿ੍ਰਫ਼ਤਾਰ ਕਰ ਲੈਂਦੀ ਹੈ, ਤਾਂ ਪਨੂੰ ਵਰਗੇ ਲੋਕ ਇਨ੍ਹਾਂ ਦੇ ਉਕਸਾਵੇ ’ਚ ਆਉਣ ਵਾਲੇ ਲੋਕਾਂ ਦਾ ਸਾਥ ਵੀ ਛੱਡ ਜਾਂਦੇ ਹਨ। ਪਨੂੰ ਨੇ ਆਪਣੇ ਨਵੇਂ ਰੈਫਰੈਂਡਮ ਦੀ ਤਾਰੀਖ਼ ਤੈਅ ਕਰਨ ਲੱਗਿਆਂ ਇੱਕ ਨਕਸ਼ਾ ਵੀ ਜਾਰੀ ਕੀਤਾ ਹੈ, ਜਿਸ ਨੂੰ ਖਾਲਿਸਤਾਨ ਦਾ ਨਕਸ਼ਾ ਕਹਿ ਕੇ ਉਸ ਦੀ ਰਾਜਧਾਨੀ ਸ਼ਿਮਲਾ ਦੱਸਿਆ ਗਿਆ ਹੈ। ਅਤੇ ਇਸ ਨਕਸ਼ੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਇਲਾਕੇ ਵੀ ਸ਼ਾਮਲ ਕੀਤੇ ਗਏ ਹਨ। ਪਨੂੰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਦੀ ਸੋਚ ਰੱਖਣ ਵਾਲੀਆਂ ਸਿਆਸੀ ਧਿਰਾਂ ਨੂੰ ਕਿਸ ਤਰੀਕੇ ਪੰਜਾਬ ਦੇ ਲੋਕਾਂ ਨੇ ਹਾਸ਼ੀਏ ’ਤੇ ਧਕੇਲਿਆ ਹੈ। ਜੋਗਿੰਦਰ ਬਾਸੀ ਪਿਛਲੇ 40 ਸਾਲ ਤੋਂ ਆਪਣੇ ਦੇਸ਼ ਭਾਰਤ ਅਤੇ ਆਪਣੇ ਪੰਜਾਬੀ ਭਰਾਵਾਂ ਨਾਲ ਅਜਿਹੀਆਂ ਸਾਜ਼ਿਸ਼ਾਂ ਦੇ ਵਿਰੁੱਧ ਖੜ੍ਹਾ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਅਸੀਂ ਅਜਿਹੇ ਕਿਸੇ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।     

-ਜੋਗਿੰਦਰ ਬਾਸੀ

ਮੁੱਖ ਸੰਪਾਦਕ