ਪ੍ਰਧਾਨ ਮੰਤਰੀ ਮੋਦੀ ਦੀ ਘਰ-ਘਰ ਤਿਰੰਗਾ ਮੁਹਿੰਮ ਨੂੰ ਦਿਓ ਸਮਰਥਨ

ਪ੍ਰਧਾਨ ਮੰਤਰੀ ਮੋਦੀ ਦੀ ਘਰ-ਘਰ ਤਿਰੰਗਾ ਮੁਹਿੰਮ ਨੂੰ ਦਿਓ ਸਮਰਥਨ

ਭਾਰਤ ਨੂੰ 15 ਅਗਸਤ, 1947 ਨੂੰ ਆਜ਼ਾਦੀ ਮਿਲੀ ਸੀ ਅਤੇ ਦੇਸ਼ ਆਉਣ ਵਾਲੀ 15 ਅਗਸਤ ਨੂੰ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਆਜ਼ਾਦੀਦੇ 75 ਸਾਲ ਪੂਰੇ ਹੋਣ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਪੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ ਅਤੇ ਸੂਬਾ ਸਰਕਾਰਾਂ ਇਸ ਸਬੰਧ ਵਿੱਚ ਪੂਰੀ ਗਰਮਜੋਸ਼ੀ ਨਾਲ ਕੰਮ ਕਰ ਰਹੇ ਹਨ। ਦੇਸ਼ ਦਾ ਕਾਰਪੋਰੇਟ ਸੈਕਟਰ ਵੀ ਵਧ-ਚੜ੍ਹ ਕੇ ਇਨ੍ਹਾਂ ਸਮਗਾਮਾਂ ਵਿੱਚ ਹਿੱਸਾ ਲੈ ਰਿਹਾ ਹੈ। ਪੰਜਾਬ ਵਿੱਚ ਜਿੱਥੇ ਇਸ ਮੌਕੇ ’ਤੇ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦੀ ਤਿਆਰੀ ਹੈ, ਉਥੇ ਹੀ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਆਪਣੇ ਉਤਪਾਦਾਂ ਦੀ ਆਨਲਾਈਨ ਸੇਲ ’ਤੇ 75 ਫੀਸਦੀ ਡਿਸਕਾਊਂਟ ਦੇ ਰਹੀਆਂ ਹਨ। ਭਾਰਤ ਦੇ ਨਾਲ ਹੀ ਪਾਕਿਸਤਾਨ ਵੀ ਆਜ਼ਾਦ ਹੋਇਆ ਸੀ ਪਰ ਅੱਜ ਜਦੋਂ ਮੈਂ ਪਾਕਿਸਤਾਨ ਦੇ ਹਾਲਾਤ ਦੇਖਦਾ ਹਾਂ ਤਾਂ ਮੈਨੂੰ ਭਾਰਤੀ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ। ਪਾਕਿਸਤਾਨ ਦੇ ਸ਼ਾਸਕਾਂ ਅਤੇ ਆਰਮੀ ਦੀਆਂ ਕਰਤੂਤਾਂ ਦੇ ਕਾਰਨ ਸਾਡਾ ਗੁਆਂਢੀ ਮੁਲਕ ਪਿਛਲੇ 75 ਸਾਲਾਂ ਵਿੱਚ ਨਾ ਤਾਂ ਸਿਆਸੀ ਤੌਰ ’ਤੇ ਸਥਿਰ ਹੋ ਸਕਿਆ ਹੈ ਅਤੇ ਨਾ ਹੀ ਆਰਥਿਕ ਤੌਰ ’ਤੇ ਮਜ਼ਬੂੁਤ ਹੋਇਆ ਹੈ। ਹਾਲਾਤ ਇਹ ਬਣ ਗਏ ਹਨ ਕਿ ਪਾਕਿਸਤਾਨ ਨੂੰ ਦੀਵਾਲੀਆ ਹੋਣ ਤੋਂ ਬਚਣ ਲਈ ਸੈਂਕੜੇ ਕਰੋੜ ਰੁਪਏ ਦੇ ਨਵੇਂ ਟੈਕਸ ਲਗਾਉਣੇ ਪੈ ਰਹੇ ਹਨ। ਮੈਂ ਪਿਛਲੇ 40 ਸਾਲ ਤੋਂ ਜ਼ਿਆਦਾ ਲੰਬੇ ਸਮੇਂ ਤੋਂ ਕੈਨੈਡਾ ਵਿੱਚ ਰਹਿ ਕੇ ਬਤੌਰ ਜਰਨਲਿਸਟ ਕੰਮ ਕਰ ਰਿਹਾ ਹਾਂ ਅਤੇ ਕੈਨੇਡਾ ਦੀ ਧਰਤੀ ’ਤੇ ਮੈਨੂੰ ਹਮੇਸ਼ਾ ਹੀ ਭਾਰਤੀ ਹੋਣ ਦਾ ਮਾਣ ਮਹਿਸੂਸ ਹੋਇਆ ਹੈ। ਕੈਨੇਡਾ ਵਿੱਚ ਭਾਰਤੀਆਂ ਨੂੰ ਇੱਕ ਮਿਹਨਤਕਸ਼ ਕੌਮ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਅਤੇ ਦੇਸ਼ ਦੀ ਵਧ ਰਹੀ ਤਰੱਕੀ ਕਾਰਨ ਵੀ ਕੈਨੇਡਾ ਵਿੱਚ ਭਾਰਤੀਆਂ ਦੀ ਸਾਖ ਵਧਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ’ਤੇ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਹਰ ਭਾਰਤੀ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ 2 ਅਗਸਤ ਤੋਂ ਬਾਅਦ ਤਿਰੰਗੇ ਦੀ ਫੋਟੋ ਲਗਾਉਣੀ ਚਾਹੀਦੀ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਕਿ ਅਜਿਹਾ ਕਰਨ ਨਾਲ ਭਾਰਤੀ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਅਸੀਂ ਖ਼ੁਦ ਆਪਣੀ ਟੀਮ ਦੇ ਨਾਲ ਹਰ ਵਰ੍ਹੇ ਭਾਰਤ ਦਾ ਆਜ਼ਾਦੀ ਦਿਵਸ ਕੈਨੈਡਾ ਵਿੱਚ ਮਨਾਉਦੇ ਹਾਂ ਅਤੇ ਸਾਡੇ ਦਫ਼ਤਰ ਦੇ ਬਾਹਰ ਤਿਰੰਗਾ ਵੀ ਲਹਿਰਾਇਆ ਜਾਂਦਾ ਹੈ। ਕੈਨੇਡਾ ਵਿੱਚ ਲੋਕ ਆਪਣੇ ਝੰਡੇ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਸਰਕਾਰੀ ਇਮਾਰਤਾਂ ਤੋਂ ਇਲਾਵਾ ਲੋਕਾਂ ਦੇ ਪਹਿਰਾਵੇ ਅਤੇ ਘਰਾਂ ਵਿੱਚ ਕੈਨੈਡੀਅਨ ਝੰਡਾ ਹੋਣਾ ਮਾਣ ਅਤੇ ਸ਼ਾਨ ਦੀ ਗੱਲ ਸਮਝੀ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਦੇ ਸਾਰੇ 140 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਦੀ ਇਸ ਅਪੀਲ ਦਾ ਸਮਰਥਨ ਕਰਕੇ ਆਜ਼ਾਦੀ ਵਾਲੇ ਦਿਨ ਘਰਾਂ ਦੀਆਂ ਛੱਤਾਂ ’ਤੇ ਤਿਰੰਗਾ ਜ਼ਰੂਰ ਲਹਿਰਾਉਣਾ ਚਾਹੀਦਾ ਹੈ ਅਤੇ ਇਸਦੇ  ਨਾਲ ਹੀ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਵੀ ਤਿਰੰਗੇ ਦੀ ਫੋਟੋ ਜ਼ਰੂਰ ਲਗਾਉਣੀ ਚਾਹੀਦੀ ਹੈ। ਸਾਡੇ ਸ਼ਹੀਦਾਂ ਨੇ ਲੰਬੇ ਸੰਘਰਸ਼ ਤੋਂ ਬਾਅਦ ਇਹ ਆਜ਼ਾਦੀ ਹਾਸਲ ਕੀਤੀ ਹੈ ਅਤੇ ਤਿਰੰਗੇ ਨੂੰ ਪਿਆਰ ਕਰਕੇ ਅਸੀਂ ਉਨ੍ਹਾਂ ਨੂੰ ਵੀ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਆਓ! ਸਾਰੇ ਮਿਲ ਕੇ ਇਕਜੁਟ ਭਾਰਤੀ ਹੋਣ ਦਾ ਸਬੂਤ ਦੇਈਏ ਅਤੇ 15 ਅਗਸਤ ਨੂੰ ਆਪਣੀਆਂ ਛੱਤਾਂ ’ਤੇ ਤਰਿੰਗਾ ਲਹਿਰਾਈਏ ਅਤੇ ਆਪਣੀ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ’ਤੇ ਤਿਰੰਗੇ ਦੀ ਫੋਟੋ ਲਾ ਕੇ ਦੂਜਿਆਂ ਨੂੰ ਵੀ ਪ੍ਰੇਰਨਾ ਦੇਈਏ। ਜੈ ਹਿੰਦ!

ਜੋਗਿੰਦਰ ਬਾਸੀ

ਮੁੱਖ ਸੰਪਾਦਕ