ਵਿਦੇਸ਼ਾਂ ’ਚ ਰਹਿ ਕੇ ਆਪਣੇ ਦੇਸ਼ ਨੂੰ ਭੰਡਦੇ ਐਨ. ਆਰ. ਆਈ

ਵਿਦੇਸ਼ਾਂ ’ਚ ਰਹਿ ਕੇ  ਆਪਣੇ ਦੇਸ਼ ਨੂੰ ਭੰਡਦੇ ਐਨ. ਆਰ. ਆਈ

ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਦੇ ਇੱਕ ਚਰਚਿਤ ਗੀਤ ਦੀਆਂ ਸਤਰਾਂ ਹਨ, 

‘ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ ਨਹੀਂ ਭੰਡੀਦਾ, 

ਜਿਹੜੇ ਮੁਲਕ ਦਾ ਖਾਈਏ, ਉਸ ਦਾ ਬੁਰਾ ਨਹੀਂ ਮੰਗੀਦਾ।’’

ਪਰ ਰੋਜ਼ੀ ਰੋਟੀ ਦੀ ਖ਼ਾਤਰ ਵਿਦੇਸ਼ ਜਾਣ ਵਾਲੇ ਪ੍ਰਵਾਸੀ ਭਾਵ ਐਨ. ਆਰ. ਆਈ. ਇਸ ਗੀਤ ਵਿਚਲੀਆਂ ਲਾਈਨਾਂ ਦੀ ਭਾਵਨਾਵਾਂ ਦੇ ਉਲਟ ਜਾ ਕੇ ਆਪਣੇ ਦੇਸ਼ ਨੂੰ ਭੰਡਣ ’ਤੇ ਹੀ ਬਹੁਤਾ ਜ਼ੋਰ ਲਗਾਉਦੇ ਦਿਸਦੇ ਨਜ਼ਰ ਆਉਦੇ ਹਨ। ਪੰਜਾਬੀਆਂ ਵਿਚਾਲੇ ਹਰ ਹੀਲੇ ਵਿਦੇਸ਼ਾਂ ਵਿੱਚ ਜਾ ਕੇ ਪੱਕੇ ਹੋਣ ਦੀ ਦੌੜ ਲੱਗੀ ਨਜ਼ਰ ਅਉਦੀ ਹੈ ਅਤੇ ਵਿਦੇਸ਼ ਜਾਣ ਤੋਂ ਬਾਅਦ ਬਹੁਗਿਣਤੀ ਪੰਜਾਬੀਆਂ ਦੀਆਂ ਆਪਣੀ ਜਨਮ ਭੂਮੀ ਪੰਜਾਬ ਅਤੇ ਖਾਸ ਤੌਰ ’ਤੇ ਭਾਰਤ ਦੇਸ਼ ਪ੍ਰਤੀ ਭਾਵਨਾਵਾਂ ਵਿੱਚ ਜੋ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਅਸੀਂ ਪੰਜਾਬੀ ਭਾਰਤ ਵਿੱਚ ਨਾ ਰਹਿਣ ਵਾਲੇ ਐਨ. ਆਰ. ਆਈ. ਅਤੇ ਭਾਰਤ ਵਿੱਚ ਨਾ ਰਹਿਣਾ  ਚਾਹੁਣ ਵਾਲੇ ਭਾਰਤੀਆਂ ਤੋਂ ਵੀ ਅੱਗੇ ਭਾਰਤ ਵਿਰੋਧੀ ਭਾਰਤੀਆਂ ਵਿੱਚ ਤਬਦੀਲ ਹੋ ਚੁੱਕੇ ਹਾਂ। ਹਾਲਾਂਕਿ ਐਨ. ਆਰ. ਆਈਜ਼ ਨੂੰ ਪ੍ਰਵਾਸੀ ਪੰਜਾਬੀਆਂ ਵਜੋਂ ਵੀ ਜਾਣਿਆ ਜਾਂਦਾ ਹੈ ਪਰ ਪ੍ਰਵਾਸ ਸ਼ਬਦ ਅੰਗਰੇਜ਼ੀ ਦੇ ਸ਼ਬਦ ‘ਇਮੀਗ੍ਰੇਸ਼ਨ’ ਦਾ ਸਮਾਨਅਰਥ ਹੀ ਹੈ। ‘ਪ੍ਰਵਾਸ’ ਦਾ ਸਿਲਸਿਲਾ ਪੰਜਾਬੀ ਜੀਵਣ ਦਾ ਅਟੁੱਟ ਅੰਗ ਬਣਿਆ ਹੋਇਆ ਹੈ। ਵਿਸ਼ਵ ਦੇ ਸੱਤ ਮਹਾਂਦੀਪਾਂ ਵਿੱਚ ਜਿੱਥੇ ਵੀ ਆਬਾਦੀ ਸੰਭਵ ਹੈ, ਉਥੇ ਪੰਜਾਬੀਆਂ ਦੀ ਹੋਂਦ ਉਕਤ ਧਾਰਨਾ ਨੂੰ ਦਿ੍ਰੜ੍ਹਤਾ ਪ੍ਰਦਾਨ ਕਰਦੀ ਹੈ। ਪਹਿਲਾਂ-ਪਹਿਲ ਬੇਰੁਜ਼ਗਾਰ ਦੀ ਸਮੱਸਿਆ ਤੋਂ ਰਾਹਤ ਪ੍ਰਾਪਤ ਕਰਨ ਲਈ ਨੌਜਵਾਨਾਂ ਨੇ ਪ੍ਰਦੇਸ ਪਹਿਲ ਦੇ ਆਧਾਰ ’ਤੇ ਚੁਣਿਆ। 21ਵੀਂ ਸਦੀ ਤੋਂ ਉਪਰੰਤ ਪੱਛਮੀ ਦੇਸ਼ਾਂ ਨੇ ਪੁਆਇੰਟ ਸਿਸਟਮ ਅਧੀਨ ਪਰਵਾਸ ਨੂੰ ਉਤਸ਼ਾਹਿਤ ਕੀਤਾ। ਇਸ ਪ੍ਰਣਾਲੀ ਰਾਹੀਂ ਵਧੇਰੇ ਪੜ੍ਹੇ-ਲਿਖੇ ਨੌਜਵਾਨਾਂ ਨੇ ਪਰਵਾਸ ਧਾਰਨ ਕੀਤਾ। ਅੱਜ ਜੋ ਪੰਜਾਬੀ ਵਿਦੇਸ਼ਾਂ ਵੱਲ ਨੂੰ ਪੜ੍ਹਾਈ ਦੇ ਨਾਂ ’ਤੇ ਪਰਵਾਸ ਕਰ ਰਹੇ ਹਨ, ਅਸਲ ਵਿੱਚ ਉਨ੍ਹਾਂ ਦਾ ਮੁੱਖ ਉਦੇਸ਼ ਸਿਰਫ਼ ਪੱਛਮੀ ਦੇਸ਼ਾਂ ਵਿੱਚ ਪੱਕੇ ਤੌਰ ’ਤੇ ਰਹਿਣਾ ਹੈ। ਜਿਹੜੇ ਪਰਿਵਾਰ ਆਰਥਿਕ ਪੱਖ ਤੋਂ ਕੁਝ ਸਾਲ ਪਹਿਲਾਂ ਕਮਜ਼ੋਰ ਸਨ, ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਭਾਵੇਂ ਪੜ੍ਹਾਈ  ਦੇ ਤੌਰ ’ਤੇ ਗਏ ਸਨ, ਆਰਥਿਕਤਾ ਪੱਖੋਂ ਹੈਰਾਨੀਜਨਕ ਬਦਲਾਅ ਆਇਆ, ਜਿਸ ਕਾਰਨ ਨੌਜਵਾਨ ਵਰਗ ਦਾ ਵਿਦੇਸ਼ਾਂ ਨੂੰ ਜਾਣ ਦੇ ਰੁਝਾਨ ਨੂੰ ਹੋਰ ਬਲ ਮਿਲਿਆ।  ਜਿੱਥੇ ਪਰਵਾਸ ਪੰਜਾਬੀ ਲੋਕਾਂ ਲਈ ਵਰਦਾਨ ਸਾਬਤ ਹੋਇਆ ਹੈ ਤਾਂ ਕੁਝ ਸਰਾਪ ਵੀ ਝੱਲਣਾ ਪਿਆ ਹੈ। ਜਦੋਂ ਤੋਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦਾ ਰੁਝਾਨ ਸ਼ੁਰੂ ਹੋਇਆ ਹੈ ਤਾਂ ਪੰਜਾਬੀ ਦੀ ਆਰਥਿਕਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਪੰਜਾਬ ਦੀ ਸਾਰੀ ਕਮਾਈ ਤਾਂ ਫੀਸਾਂ ਅਤੇ ਹੁਸ਼ਿਆਰ ਬੱਚਿਆਂ ਦੇ ਰੂਪ ਵਿੱਚ ਵਿਦੇਸ਼ਾਂ ਨੂੰ ਜਾ ਰਹੀ ਹੈ। ਹਾਲਾਂਕਿ ਸਾਡੇ ਹੁਸ਼ਿਆਰ ਬੱਚੇ ਉਥੇ ਜਾ ਕੇ ਕੋਈ ਅਫ਼ਸਰ ਤਾਂ ਨਹੀਂ ਲੱਗੇ, ਸਿਰਫ ਹੋਟਲਾਂ, ਪੈਟਰੋਲ ਪੰਪਾਂ, ਟੈਕਸੀ ਡਰਾਈਵਰ ਆਦਿ ਕੰਮ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਪੰਜਾਬੀਆਂ ਵਿੱਚ ੳੱੁਚੀਆਂ ਅਫ਼ਸਰੀ ਅਸਾਮੀਆਂ ਉਪਰ ਫਾਡੀ ਰਹਿਣ ਦਾ ਦੁੱਖ ਸਾਹਮਣੇ ਆਇਆ ਹੈ। ਭਾਵੇਂ ਸਾਰੇ ਪਰਵਾਸੀ ਇਹ ਵੀ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਕੰਮ ਕਰਨਾ ਸੌਖਾ ਨਹੀਂ, ਪਰ ਜੋ ਇੱਕ ਵਾਰ ਚੱਲਿਆ ਜਾਂਦਾ ਹੈ, ਉਹ ਵਾਪਸ ਮੁੜ ਕੇ ਨਹੀਂ ਆਉਦਾ, ਜਿਸ ਨਾਲ ਉਹ ਅਤੇ ਉਸਦੀਆਂ ਆਉਣ ਵਾਲੀਆਂ ਪੀੜੀਆਂ ਪੰਜਾਬੀ ਸੱਭਿਆਚਾਰ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦੀਆਂ ਹਨ। ਉਹ ਭਾਵਨਾਵਾਂ ਤੇ ਜ਼ਜ਼ਬਾਤਾਂ ਦੀ ਕਦਰ ਕਰਨ ਵਾਲੇ ਪੰਜਾਬੀਆਂ ਦੀ ਥਾਂ ਪਦਾਰਥਵਾਦੀ ਮਨੁੱਖ ਹੋ ਜਾਂਦੇ ਹਨ।

ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੂੰ ਇਕੱਲੇ ਪੈਸੇ ਕਮਾਉਣ ਦੀ ਦੌੜ ਨਾਲ ਜੋੜ ਕੇ ਦੇਖਣਾ ਵੀ ਬੇਇਨਸਾਫ਼ੀ ਹੋਵੇਗੀ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਜ਼ਿਆਦਾ ਉਪਜਾਊ ਰਹੀ ਹੈ ਅਤੇ ਪੰਜਾਬੀ ਲੋਕਾਂ ਦਾ ਢਿੱਡ ਭਰਿਆ। ਪਰ ਸਿਆਣਿਆਂ ਦਾ ਕਥਨ ਕਿ ਜਦੋਂ ਮਨੁੱਖ ਦਾ ਢਿੱਡ ਭਰਿਆ ਹੁੰਦਾ ਹੈ ਤਾਂ ਉਹ ਐਸ਼ਪ੍ਰਸਤੀ ਵੱਲ ਰੁਚਿਤ ਹੋ ਜਾਂਦਾ ਹੈ, ਪੰਜਾਬੀਆਂ ਉੱਪਰ ਠੀਕ ਢੁੱਕਦਾ ਨਜ਼ਰ ਆ ਰਿਹਾ ਹੈ। ਸਾਡੀ ਨੌਜਵਾਨ ਪੀਡ੍ਹੀ ਆਪਣੇ ਮਨ ਵਿੱਚ ਇਹੀ ਧਾਰਨਾ ਬੈਠਦੀ ਜਾ ਰਹੀ ਹੈ ਕਿ ਪੰਜਾਬ ਵਿੱਚ ਨਵੇਂ ਮੌਕਿਆਂ ਦੇ ਰੁੱਖ ਉੱਗ ਹੀ ਨਹੀਂ ਸਕਦੇ। ਸੋ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਥੋੜ੍ਹੀ ਜਿਹੀ ਮੁਹਾਰਤ ਹਾਸਲ ਹੋ ਜਾਂਦੀ ਹੈ, ਉਨ੍ਹਾਂ ਦਾ ਵੱਡਾ ਹਿੱਸਾ ਵਿਕਸਤ ਦੇਸ਼ਾਂ ’ਚ ਚਲਾ ਜਾਂਦਾ ਹੈ।

ਦੂਜੇ ਪਾਸੇ ਵਿਕਸਤ ਦੇਸ਼ ਵੀ ਹੁਣ ਕਿੱਤਾ ਮਾਹਿਰਾਂ ਤੇ ਵਿਸ਼ੇਸ਼ ਯੋਗਤਾਵਾਂ ਲਈ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਉਪਰ ਨਿਰਭਰ ਹੋ ਚੁੱਕੇ ਹਨ ਕਿਉਕਿ ਅਜਿਹੇ ਵਿਕਾਸਸ਼ੀਲ ਦੇਸ਼ਾਂ ਦੇ ਟਾਕਰੇ ਮਾਹਿਰਾਂ ਨੂੰ ਤਿਆਰ ਕਰਨ ’ਚ ਖਰਚ ਬੇਹੱਦ ਜ਼ਿਆਦਾ ਹੈ। ਦੂਜਾ ਕਾਰਨ ਸਾਮਰਾਜੀ ਦੇਸ਼ਾਂ ਵਿੱਚ ਘੱਟ ਰਹੀ ਬੱਚੇ ਪੈਦਾ ਕਰਨ ਦੀ ਦਰ ਅਤੇ ਵਸੋਂ ਦਾ ਬੁੱਢੇ ਹੋਣਾ ਭਾਵ ਏਜਿੰਗ ਆਫ ਪੌਪੂਲੇਸ਼ਨ ਵੀ ਹੈ। ਸਾਮਰਾਜੀ ਦੇਸ਼ਾਂ ਵਿੱਚੋਂ ਵੀ ਸਭ ਤੋਂ ਵੱਧ ਗੰਭੀਰ ਸਮੱਸਿਆ ਕੈਨੈਡਾ ਦੀ ਹੈ, ਕਿਉਕਿ ਕੈਨੇਡਾ ਖੇਤਰਫਲ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਵਸੋਂ ਬਹੁਤ ਹੀ ਘੱਟ ਸੰਘਣੀ ਹੈ। ਕੈਨੇਡਾ ਨੂੰ ਆਪਣਾ ਕੰਮਕਾਜ ਚਲਾਉਣ ਲਈ ਘੱਟੋ-ਘੱਟ 1 ਫੀਸਦੀ ਵਸੋਂ ਹਰ ਸਾਲ ਬਾਹਰੋਂ ਲਿਆਉਣੀ ਪੈਂਦੀ ਹੈ। ਕੈਨੇਡਾ ਨਾ ਸਿਰਫ਼ ਆਪਣੀ ਲੋੜ ਲਈ ਨੌਜਵਾਨ ਪੰਜਾਬ ਤੋਂ ਲੈ ਕੇ ਜਾ ਰਿਹਾ ਹੈ ਸਗੋਂ ਵੱਡੇ ਪੱਧਰ ’ਤੇ ਸਰਮਾਇਆ ਵੀ ਪੰਜਾਬ ਵਿੱਚੋਂ ਕੈਨੇਡਾ ਜਾ ਰਿਹਾ ਹੈ। ਇਸ ਤਰ੍ਹਾਂ ਕੈਨੇਡਾ ਦੇ ਦੋਹੀਂ ਹੱਥੀਂ ਲੱਡੂ ਆਉਣ ਵਾਲੀ ਗੱਲ ਹੈ। ਜ਼ਾਹਿਰ ਹੈ ਕਿ ਕੈਨੇਡਾ ਦੀ ਸਰਕਾਰ ਹਰ ਹੀਲੇ ਪਰਵਾਸ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੀ ਹੋਈ ਹੈ, ਜਿਸ ਵਿੱਚ ਪੰਜਾਬੀਆਂ ਨੂੰ ਸਿਆਸੀ ਖੇਤਰ ਵਿੱਚ ਵੀ ਵੱਡੀਆਂ ਜ਼ਿੰਮੇਵਾਰੀਆਂ ਮਿਲ ਰਹੀਆਂ ਹਨ।

ਇਸੇ ਤਰ੍ਹਾਂ ਉੱਚ ਮੁਹਾਰਤ ਪ੍ਰਾਪਤ 3 ਲੱਖ 22 ਹਜ਼ਾਰ ਭਾਰਤੀ ਅਮਰੀਕਾ ਵਿੱਚ ਹੀ ਕੰਮ ਕਰ ਰਹੇ ਹਨ। ਅਮਰੀਕਾ ਦੀ ਪੁਲਾੜ ਖੋਜ ਸੰਸਥਾ ਨਾਸਾ ਵਿੱਚ ਕੰਮ ਕਰਨ ਵਾਲੇ 36 ਫੀਸਦੀ ਭਾਰਤੀ ਹਨ। 25 ਹਜ਼ਾਰ ਆਈ. ਆਈ. ਟੀ. ਕੇਵਲ ਸਿਲੀਕਾਨ ਵੈਲੀ ’ਚ ਕੰਮ ਕਰ ਰਹੇ ਹਨ। ਅਮਰੀਕਾ ’ਚ 60 ਹਜ਼ਾਰ ਭਾਰਤੀ ਡਾਕਟਰ ਹਨ ਜੋ ਕੁੱਲ ਅਮਰੀਕਨ ਡਾਕਟਰਾਂ ਦਾ 38 ਫੀਸਦੀ ਹੈ। ਲੱਗਭਗ ਗਿਆਰਾਂ ਹਜ਼ਾਰ ਯੂਨੀਵਰਸਿਟੀ ਗਰੈਜੂਏਟ, ਆਈ. ਆਈ. ਐਮ. ਤੇ ਆਈ. ਆਈ. ਟੀ. ਤੋਂ ਸਿੱਖਿਆ ਪ੍ਰਾਪਤ ਨੌਜਵਾਨ ਹਰ ਸਾਲ ਵਿਦੇਸ਼ ਉਡਾਰੀ ਮਾਰ ਜਾਂਦੇ ਹਨ। ਇਸ ਤਰ੍ਹਾਂ ਭਾਰਤੀ ਰਾਜ ਕੇਵਲ ਪੰਜ ਹਜ਼ਾਰ ਅਤਿ ਉੱਨਤ ਤੇ ਸਿੱਖਿਅਤ ਮਨੁੱਖੀ ਹਸਤੀਆਂ ਹੀ ਨਹੀਂ ਗੁਆ ਬੈਠਦੇ ਸਗੋਂ ਬੁੱਧੀ ਅਤੇ ਤਿੱਖੀ ਸੂਝ-ਸਮਝ ਵੀ ਗੁਆ ਲੈਂਦੇ ਹਾਂ।

ਇਹ ਠੀਕ ਹੈ ਕਿ ਪਰਵਾਸੀ ਭਾਰਤੀ ਵਿਦੇਸ਼ੀ ਪੰੂਜੀ ਦੇਸ਼ ’ਚ ਭੇਜਦੇ ਹਨ, ਜੋ ਸਿੱਧੇ-ਅਸਿੱਧੇ ਦੇਸ਼ ਦੇ ਵਿਕਾਸ ’ਚ ਲੱਗਦੀ ਹੈ ਪਰ ਨੁਕਸਾਨ ਦੇ ਮੁਕਾਬਲੇ ਇਹ ਲਾਭ ਬੜਾ ਨਿਗੁਣਾ ਹੈ। ਨਿਰੰਤਰ ਪਰਿਵਰਤਨਸ਼ੀਲ ਸਮੁੱਚੇ ਸਮਾਜਿਕ ਤੇ ਪ੍ਰਕਿਰਤਕ ਵਾਤਾਵਰਣ ਵਿੱਚ ਤੁਸੀਂ ਅਬਦਲ ਨਹੀਂ ਰਹਿ ਸਕਦੇ, ਪਰ ਧਿਆਨ ਇਹ ਵੀ ਰੱਖਣਾ ਹੋਵੇਗਾ ਕਿ ਤੁਹਾਡੇ ਆਪਣੇ, ਸਮਾਜ ਤੇ ਦੇਸ਼ ਦੇ ਹਿੱਤ ਏਨੇ ਬੁਰੀ ਤਰ੍ਹਾਂ ਪ੍ਰਭਾਵਤ ਨਾ ਹੋਣ ਕਿ ਤੁਹਾਡੀ ਆਪਣੀ ਵਿਲੱਖਣ ਹੋਂਦ, ਪਛਾਣ ਅਤੇ ਸਵੈ-ਸਤਿਕਾਰ ਤੇ ਸਵੈਮਾਣ ਹੀ ਦਾਅ ’ਤੇ ਲੱਗ ਜਾਣ। ਬਦਕਿਸਮਤੀ ਨੂੰ ਪੰਜਾਬੀਆਂ ਨਾਲ ਇਹੀ ਅਣਹੋਣੀ ਵਾਪਰ ਰਹੀ ਹੈ।

ਪਰ ਇਸਦੇ ਬਾਵਜੂਦ ਵਿਦੇਸ਼ਾਂ ਨੂੰ ਜਾਂਦੀ ਪੰਜਾਬੀ ਨੌਜਵਾਨਾਂ ਦੀ ਭੀੜ ਤੋਂ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬੀ ਬੁੱਢਿਆਂ ਦੇ ਸੂਬੇ ਵਜੋਂ ਜਾਣਿਆ ਜਾਣ ਲੱਗੇਗਾ। ਜਿਨ੍ਹਾਂ ਕੋਲ ਕੋਈ ਵੀ ਸਾਧਨ ਹੈ ਜਾਂ ਜਾਇਦਾਦਾਂ ਹਨ, ਉਹ ਆਪਣੀਆਂ ਜਾਇਦਾਦਾਂ ਵੇਚ ਕੇ ਵਿਦੇਸ਼ ਜਾ ਰਹੇ ਹਨ। ਇਸ ਤਰ੍ਹਾਂ ਪਿੱਛੇ ਰਹਿ ਗਏ ਬਜ਼ੁਰਗਾਂ ਦੀ ਸਾਰ ਕੌਣ ਲਵੇਗਾ। ਜਿਨ੍ਹਾਂ ਘਰਾਂ ਵਿੱਚ ਕੋਈ ਬਜ਼ੁਰਗ ਵੀ ਨਹੀਂ ਬਚਿਆ, ਉਥੇ ਤਾਂ ਘਰਾਂ ਤੇ ਕੋਠੀਆਂ ਨੂੰ ਜਿੰਦਰੇ ਲੱਗ ਗਏ ਹਨ। ਉਹ ਦਿਨ ਦੂਰ ਨਹੀਂ ਜਦੋਂ ਸਾਰੇ ਪੰਜਾਬੀ ਮੂੁਲ ਦੇ ਵਸਨੀਕ ਵਿਦੇਸ਼ ਚਲੇ ਜਾਣਗੇ ਤੇ ਇਥੇ ਹੋਰ ਸੂਬਿਆਂ ਤੋਂ ਆਉਣ ਵਾਲਿਆਂ ਦਾ ਹੀ ਬੋਲਬਾਲਾ ਹੋ ਜਾਵੇਗਾ। ਪਰਵਾਸੀ ਪੰਜਾਬੀਆਂ ਵਿੱਚ ਸੰਯੁਕਤ ਪਰਿਵਾਰਾਂ ਦੇ ਖਾਤਮੇ ਤੋਂ ਬਾਅਦ ਵਿਆਹ ਸੰਸਥਾ ਤੱਕ ਖ਼ਤਰੇ ਵਿੱਚ ਪੈ ਚੁੱਕੀ ਹੈ। ਪ੍ਰਵਾਸੀਆਂ ਨਾਲ ਵਿਦੇਸ਼ ਗਿਆ ਭਾਰਤੀ ਸੱਭਿਆਚਾਰ ਵੀ ਪੱਛਮੀ ਸੱਭਿਆਚਾਰ ਕਦਰਾਂ ਕੀਮਤਾਂ ਨਾਲ ਟਕਰਾਉਦਾ ਰਹਿੰਦਾ ਹੈ। ਸੱਭਿਆਚਾਰ ਟਕਰਾਓ ਵਿੱਚ ਨਸਲੀ, ਧਾਰਮਿਕ, ਸਮਾਜਿਕ ਕਦਰਾਂ ਕੀਮਤਾਂ ਦਾ ਟਕਰਾਓ ਵੀ ਹੈ। ਪ੍ਰਵਾਸੀਾ ਔਰਤਾਂ ਦੀ ਪਹਿਲੀ ਪੀੜੀ ਤਾਂ ਕੁੱਝ ਸਮੇਂ ਲਈ ਸੰਸਕਾਰਾਂ ਦੀ ਪਾਲਣਾ ਕਰਦੀ ਰਹਿੰਦੀ ਹੈ ਪਰ ਛੇਤੀ ਹੀ ਉਹ ਪੱਛਮੀ ਰੰਗ ਵਿੱਚ ਰੰਗੀ ਜਾਂਦੀ ਹੈ ਤਾਂ ਔਰਤ ਮਰਦ ਦੇ ਸੰਬੰਧਾਂ ਵਿੱਚ ਤਣਾਓ ਆਉਣਾ ਸ਼ੁਰੂ ਹੋ ਜਾਂਦਾ ਹੈ। ਪੰਜਾਬ ਵਿੱਚੋਂ ਕਿਸੇ ਵੀ ਹੀਲੇ ਪਰਵਾਸ ਧਾਰਨ ਕਰਨ ਦੇ ਜਨੂੰਨ ਨੇ ਪੰਜਾਬੀਆਂ ਦੇ ਇਖ਼ਲਾਕੀ ਸਰੂਪ ਨੂੰ ਵੀ ਵੱਡੀ ਢਾਹ ਲਾਈ ਹੈ। ਰਿਸ਼ਤਿਆਂ ਦੀ ਪਵਿੱਤਰਤਾ ਨੂੰ ਤਾਰ-ਤਾਰ ਕੀਤਾ ਜਾ ਰਿਹਾ ਹੈ। ਭੈਣ ਆਪਣੇ ਸਕੇ ਭਰਾ ਨਾਲ ਵਿਆਹ ਕਰਵਾ ਕੇ, ਉਸਨੂੰ ਵਿਦੇਸ਼ ਵਿੱਚ ਲਿਜਾ ਰਹੀ ਹੈ। ਨਕਲੀ ਵਿਆਹ ਕਰਵਾਏ ਜਾ ਰਹੇ ਹਨ। ਡੌਂਕੀ ਵਜੋਂ ਜਾਣੇ ਜਾਂਦੇ ਗ਼ੈਰ ਕਾਨੂੰਨੀ ਢੰਗ ਨਾਲ ਦੂਜੇ ਮੁਲਕਾਂ ਦੀਆਂ ਸਰਹੱਦਾਂ ਟੱਪੀਆਂ ਜਾ ਰਹੀਆਂ ਹਨ, ਜਿਸ ਵਿੱਚ ਕਈ ਵਾਰ ਜਾਨ ਵੀ ਗੁਆਉਣੀ ਪੈ ਜਾਂਦੀ ਹੈ। ਪੜ੍ਹਾਈ ਦੇ ਬਹਾਨੇ, ਰੁਜ਼ਗਾਰ ਦੇ ਬਹਾਨੇ, ਰਾਜਸੀ ਸ਼ਰਨ ਦੇ ਬਹਾਨੇ ਅਤੇ ਘੰੁਮਣ ਦੇ ਬਹਾਨੇ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦੇ ਰੁਝਾਨ ਨੇ ਪੂਰੀ ਦੁਨੀਆਂ ਵਿੱਚ ਪੰਜਾਬੀਆਂ ਦੀ ਗ਼ੈਰਤ ਨੂੰ ਮਿੱਟੀ ਵਿੱਚ ਰੋਲਣ ਦਾ ਕੰਮ ਵੀ ਕੀਤਾ ਹੈ।

ਅੱਜ ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀ ਇੱਕ ਬੇਸਮੈਂਟ  ਵਿੱਚ 20-20 ਦੇ ਕਰੀਬ ਵੀ ਰਹਿ ਰਹੇ ਹਨ। ਇੰਨਾ ਹੀ ਨਹੀਂ, ਨਵੇਂ ਜਾ ਰਹੇ ਪੰਜਾਬੀਆਂ ਲਈ ਇੱਕ ਸਾਧਾਰਨ ਘਰ ਖ਼ਰੀਦਣਾ ਵੀ ਬਹੁਤ ਮੁਸ਼ਕਿਲ ਹੋ ਚੁੱਕਾ ਹੈ। ਟਰੱਕ ਡਰਾਈਵਰ, ਜੈਨੀਟਰ (ਸਫਾਈ ਦਾ ਕੰਮ), ਸਕਿਓਰਿਟੀ ਗਾਰਡ, ਪੀਜ਼ਾ ਡਲਿਵਰੀ, ਨੈਨੀ, ਫਾਰਮ ਮਜ਼ਦੂਰੀ ਆਦਿ ਖੇਤਰਾਂ ਵਿੱਚ ਹੀ ਹਜ਼ਾਰਾਂ ਪੰਜਾਬੀ ਫਸੇ ਹੋਏ ਹਨ। ਇਨ੍ਹਾਂ ਨੌਕਰੀਆਂ ਵਿੱਚ ਮਿਲਣ ਵਾਲੀ ਤਨਖਾਹ ਪੰਜਾਬ ਵਿੱਚ ਮਿਲਣ ਵਾਲੀ ਤਨਖਾਹ ਨਾਲੋਂ ਕਾਫੀ ਜ਼ਿਆਦਾ ਤਾਂ ਹੈ ਪਰੰਤੂ ਉਥੇ ਵਸੇ ਪੰਜਾਬੀਆਂ ਦਾ ਸਮਾਜਿਕ ਰੁਤਬਾ ਉਸ ਸਮਾਜ ਦੇ ਪੈਮਾਨਿਆਂ ਨਾਲ ਹੀ ਮਿਣਿਆ ਜਾਂਦਾ ਹੈ ਤਾਂ ਪੰਜਾਬੀਆਂ ਦੀ ਵੱਡੀ ਗਿਣਤੀ ਲੋਅ ਪੇਇੰਗ ਜੌਬਸ ਤੱਕ ਹੀ ਸੀਮਤ ਹੈ। ਅਜਿਹੇ ਭਾਈਚਾਰੇ ਨੂੰ ਜਿਸਦੀ ਜ਼ਿਆਦਾ ਗਿਣਤੀ ਅਜਿਹੀਆਂ ਨੌਕਰੀਆਂ ਕਰਦੀ ਹੈ, ਨੂੰ ਹੇਠਲੀ ਸ਼੍ਰੇਣੀ ਕਿਹਾ ਜਾਂਦਾ ਹੈ। ਇਸ ਅੰਡਰ ਕਲਾਸ ਵਿੱਚ ਲੰਪਨ ਐਲੀਮੈਂਟ ਜਾਂ ਮੰਦਾ ਅੰਸ਼ ਵੀ ਸ਼ਾਮਿਲ ਹੈ, ਜਿਸ ਵਿੱਚ ਗੈਂਗਸ, ਡਰੱਗ ਡੀਲਰਜ਼, ਵੇਸਵਾਵਾਂ ਆਦਿ ਸ਼ਾਮਲ ਹਨ। ਕਿਸੇ ਵੀ ਦੇਸ਼ ਵਿੱਚ ਅੰਡਰ ਕਲਾਸ ਦਾ ਅੰਦਾਜ਼ਾ ਉਥੋਂ ਦੇ ਜੁਰਮ ਤੇ ਹਿੰਸਾ ਦੇ ਅੰਕੜਿਆਂ ਵਿੱਚ ਉਸ ਭਾਈਚਾਰੇ ਦੀ ਗਿਣਤੀ ਤੋਂ ਵੀ ਲਗਾਇਆ ਜਾਂਦਾ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ 2 ਫੀਸਦੀ ਦੇ ਕਰੀਬ ਪੰ੍ਰਤੂ ਜੁਰਮ ਤੇ ਹਿੰਸਾ ਵਿੱਚ ਭਾਈਵਾਲੀ 20 ਫੀਸਦੀ ਤੋਂ ਵੀ ਜ਼ਿਆਦਾ ਹੈ। ਜੇ ਅਸੀਂ ਹੇਠਲੀ ਸ਼੍ਰੇਣੀ ਦੇ ਸੂਚਕ ਦੇਖੀਏ ਤਾਂ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਇੱਕ ਅੰਡਰ ਕਲਾਸ ਬਣਨ ਦੇ ਸਾਰੇ ਮਾਪਦੰਡ ਪੂਰੇ ਕਰ ਚੁੱਕਾ ਹੈ।

ਨਾ ਸਿਰਫ ਕੈਨੇਡਾ ਵਿੱਚ ਸਗੋਂ ਪ੍ਰਵਾਸ ਸਮੁੱਚੇ ਤੌਰ ’ਤੇ ਪੰਜਾਬੀਆਂ ਦਾ ਸਮਾਜਿਕ ਦਰਜਾ ਥੱਲੇ ਲਿਜਾ ਰਿਹਾ ਹੈ। 10+2 ਕਰਨ ਤੋਂ ਬਾਅਦ ਹੁਣ ਆਈਲੈਟਸ ਕਰਕੇ ਕੈਨੇਡਾ ਜਾਣ ਦਾ ਰੁਝਾਨ ਪ੍ਰਬਲ ਹੈ। ਇਹ ਗੱਲ ਪੰਜਾਬੀਆਂ ਵਿੱਚ ਉਚੇਰੀ ਵਿੱਦਿਆ ਲਈ ਘਾਤਕ ਸਿੱਧ ਹੋ ਰਹੀ ਹੈ। ਪੰਜਾਬੀਆਂ ਦੀ ਹਰ ਤਰ੍ਹਾਂ ਦੀਆਂ ਉਚ ਪੱਧਰੀ ਨੌਕਰੀਆਂ ਭਾਵੇਂ ਉਹ ਸਿਵਲ ਹੋਣ ਜਾਂ ਫੌਜ ਦੀਆਂ, ਪ੍ਰਤੀਨਿਧਤਾ ਲਗਾਤਾਰ ਘਟੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਲਈ ਨੰਬਰ ਇੱਕ ਪੇਸ਼ਾ ਟਰੱਕ ਡਰਾਈਵਿੰਗ ਦਾ ਬਣ ਚੁੱਕਾ ਹੈ, ਜਿਸ ਨੂੰ ਅਮਰੀਕਾ, ਕੈਨੈਡਾ ਅਤੇ ਇੰਗਲੈਂਡ ਵਿੱਚ ਪੰਜਾਬੀਆਂ ਤੋਂ ਸਿਵਾਏ ਕੋਈ ਹੋਰ ਭਾਈਚਾਰਾ ਅਪਣਾਉਣ ਨੂੰ ਤਿਆਰ ਨਹੀਂ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਪ੍ਰਵਾਸ ਨਾ ਸਿਰਫ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨਾਂ ਨੂੰ ਕੈਨੇਡਾ ਦੀ ਹੇਠਲੀ ਸ਼੍ਰੇਣੀ ਵੱਲ ਧੱਕ ਰਹੀ ਹੈ, ਸਗੋਂ ਪੰਜਾਬ ਨੂੰ ਵੀ ਲੱਗਭਗ ਮੁਕੰਮਲ ਅਸਥਿਰਤਾ ਤੇ ਨਾਬਰਾਬਰੀ ਵੱਲ ਧੱਕ ਰਿਹਾ ਹੈ।

ਪਰ ਇਸ ਸਭ ਵੱਲੋਂ ਅੱਖੀਂ ਮੀਚੀ ਪੰਜਾਬੀਆਂ ਦੀ ਦੇਸ਼-ਵਿਦੇਸ਼ ਵਿੱਚ ਬੈਠੀ ਲੀਡਰਸ਼ਿਪ ਆਪੋ-ਆਪਣੀ ਡਫਲੀ ਆਪੋ ਆਪਣਾ ਰਾਗ ਅਲਾਪਣ ਵਿੱਚ ਮਸਤ ਹੈ। ਕੋਈ ਵਿਰਲਾ ਟਾਵਾਂ ਹੀ ਪੰਜਾਬੀ ਧਾਰਿਮਕ, ਸਮਾਜਿਕ ਅਤੇ ਰਾਜਨੀਤਕ ਲੀਡਰਸ਼ਿਪ ਦੇ ਖੇਤਰ ਵਿੱਚ ਪੰਜਾਬੀਆਂ ਦੇ ਪਿਤਾ ਪੁਰਖੀ ਗੁਣਾ ਅਤੇ ਅਵਗੁਣਾ ਨੂੰ ਧਿਆਨ ਵਿੱਚ ਰੱਖ ਕੇ ਭਵਿੱਖ ਦੀ ਯੋਜਨਾਬੰਦੀ ਕਰਦਾ ਦਿਖਾਈ ਦੇ ਸਕਦਾ ਹੈ। ਪਰ ਬੋਲਬਾਲਾ ਨੌਜਵਾਨੀ ਨੂੰ ਕੁਰਾਹੇ ਪਾ ਕੇ ਆਪਣਾ ਉੱਲੂ ਸਿੱਧਾ ਕਰਨ ਵਿੱਚ ਲੱਗੀ ਲੀਡਰਸ਼ਿਪ ਦਾ ਵਧੇਰੇ ਦਿਖਾਈ ਦੇ ਰਿਹਾ ਹੈ। ਗੱਲ ਕਰੀਏ ਪੰਜ ਦਰਿਆਵਾਂ ਦੀਧਰਤੀ ਪੰਜਾਬੀ ਦੀ ਤਾਂ 1947 ਦੀ ਵੰਡ ਤੋਂ ਬਾਅਦ ਢਾਈ ਦਰਿਆਵਾਂ ਦੇ ਰਹਿ ਗਏ ਅਧੂਰੇ ਪੰਜਾਬ ਨੂੰ ਮੁੜ ਤੋਂ ਸਿੱਖ ਬਹੁਗਿਣਤੀ ਵਾਲੀ ਸਟੇਟ ਵਿੱਚ ਬਦਲਣ ਲਈ ਫਿਰ ਤੋਂ ਟੁਕੜੇ ਟੁਕੜੇ ਕਰਵਾਉਣ ਵਾਲੀ ਲੀਡਰਸ਼ਿਪ ਬਚੇ-ਖੁਚੇ ਪੰਜਾਬ ਦੇ ਜ਼ਜ਼ਬਾਤਾਂ ਅਤੇ ਜੁਰਰਤਾਂ ਦੀ ਤਰਜ਼ਮਾਨੀ ਕਰਨ ਤੋਂ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਚੁੱਕੀ ਹੈ। ਅੱਜ ਗੁਰੂਆਂ ਦੇ ਨਾਂ ’ਤੇ ਵਸਦਾ ਦੱਸਿਆ ਜਾਂਦਾ ਪੰਜਾਬ ਸਿੱਖੀ ਫਲਸਫੇ ਅਨੁਸਾਰ ਘਾਲ ਖਾਹਿ ਕਿਛੁ ਹਥੋ ਦੇਹਿ ਨਾਲੋਂ ਮਾਰਕਸਵਾਦ ਦੇ ਸਾਡਾ ਹੱਕ ਐਥੇ ਰੱਖ ਦੇ ਨਾਅਰਿਆਂ ਵਿੱਚ ਵਧੇਰੇ ਵਿਸ਼ਵਾਸ ਕਰਦਾ ਦਿਖਾਈ ਦੇਣ ਲੱਗਾ ਹੈ। ਆਪਣੇ ਪਿਛੋਕੜ ਦੀ ਮਹਾਨਤਾ ਨੂੰ ਨਾਲ ਲੈ ਕੇ ਸਿੱਖੀ ਫਲਸਫਲੇ ਦੀ ਰੌਸ਼ਨੀ ਵਿੱਚ ਜੀਵਨ ਨੂੰ ਹੋਰ ਨਿਖਾਰਨ, ਸੁਹਜ ਅਤੇ ਸਹਿਜ ਬਣਾਉਣ ਦੀ ਥਾਂ ਪੰਜਾਬੀ ਬਹੁਗਿਣਤੀ ਨੂੰ ਪੱਛਮ ਦੇ ਫ਼ੈਸ਼ਨ ਦੀ ਹਨ੍ਹੇਰੀ ਵਿੱਚ ਕੱਖਾਂ ਵਾਂਗ ਉਡਦੇ ਦੇਖਿਆ ਜਾ ਸਕਦਾ ਹੈ। ਪੰਜਾਬੀਆਂ ਦੀ ਪਰਵਾਸੀ ਲੀਡਰਸ਼ਿਪ ਵਿੱਚ ਵੀ ਇਹ ਦੋਸ਼ ਜਿਉ ਦਾ ਤਿਉ ਕਾਇਮ ਹੈ। ਐਨ. ਆਰ. ਆਈ. ਲੀਡਰਸ਼ਿਪ ਵੀ ਪੰਜਾਬੀਆਂ ਨੂੰ ਵਿਦੇਸ਼ੀ ਸੱਭਿਆਚਾਰ ਦੀਆਂ ਕੌੜੀਆਂ ਹਕੀਕਤਾਂ ਤੋਂ ਵੀ ਜਾਣੂ ਕਰਵਾਉਦੇ ਹੋਏ ਸਿੱਖੀ ਸਿਧਾਂਤ ਦੀ ਰੌਸ਼ਨੀ ਵਿੱਚ ਮਨੁੱਖੀ ਕਦਰਾਂ ਕੀਮਤਾਂ ਦਾ ਪੱਲਾ ਫੜੀ ਰੱਖਣ ਵੱਲ ਪ੍ਰੇਰਿਤ ਕਰਨ ਤੋਂ ਖੁੰਝਿਆ ਆਪਣੇ ਹੀ ਦੇਸ਼ ਖਿਲਾਫ਼ ਝੰਡਾ ਚੁੱਕੀ ਰੱਖਣ ਲਈ ਕਈ ਤਰ੍ਹਾਂ ਦੇ ਲਾਲਚ ਦਿੰਦੀ ਸਾਹਮਣੇ ਆਉਦੀ ਹੈ। ਸਿਖਸ ਫਾਸ ਜਸਟਿਸ ਦੇ ਗੁਰਪਤਵੰਤ ਸਿੰਘ ਨੂੰ ਵਰਗਿਆਂ ਦੇ ਵੱਖ-ਵੱਖ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਆਉਣ ਵਾਲੇ ਸੁਨੇਹਿਆਂ ਵਿੱਚ ਲੱਖਾਂ ਡਾਲਰਾਂ ਦੇ ਲਾਲਚਵਸ ਕੰਧਾਂ ਉਪਰ ਭੜਕਾਊ ਨਾਅਰੇ ਲਿਖਣਾ, ਭੜਕਾਊ ਭਾਸ਼ਣਬਾਜ਼ੀ ਅਤੇ ਵਿਸ਼ਲੇਸ਼ਣਬਾਜ਼ੀ ਕਰਵਾਉਦੇ ਦਿਖਾਈ ਦੇ ਰਹੇ ਹਨ। ਗੱਲ ਕੀ ਪੰਜਾਬੀਆਂ ਦੇ ਜੋਸ਼ ਨੂੰ ਹੋਸ਼ਪੂਰਨ ਢੰਗ ਨਾਲ ਉਸਾਰੂ ਕੰਮਾਂ ਵੱਲ ਸੇਧਤ ਕਰਨ ਲਈ ਯੋਜਨਾਬੰਦੀ ਵਿੱਚ ਸਮੁੱਚੀ ਪੰਜਾਬੀ ਅਤੇ ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਮੁੱਕਦੀ ਗੱਲ ਪੰਜਾਬ ਦੀ ਅਜੋਕੀ ਦੇਸੀ ਅਤੇ ਵਿਦੇਸ਼ਾਂ ਵਿੱਚ ਬੈਠੀ ਸਿੱਖ ਲੀਡਰਸ਼ਿਪ ਮੁਗਲ ਹਾਕਮਾਂ ਦੇ ਜ਼ਾਲਮ ਪੰਜਿਆਂ ਵਿੱਚ ਫਸੇ ਮੁਲਕ ਨੂੰ ਸੰਤ ਅਤੇ ਸਿਪਾਹੀ ਦੀ ਧਾਰਨਾ ਨੂੰ ਸਾਕਾਰ ਰੂਪ ਵਿੱਚ ਉਤਾਰ ਕੇ ਮੁਕਤ ਕਰਵਾਉਣ ਵਾਲੇ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਨੂੰ ਨਿੱਜਪ੍ਰਸਤੀ ਦੀ ਬੁੱਕਲ ਵਿੱਚ ਲੈ ਕੇ ਬੈਠੀ ਦਿਖਾਈ ਦੇ ਰਹੀ ਹੈ। ਨਹੀਂ ਤਾਂ ਸਿਸਟਮ ਦੀਆਂ ਜਿਹੜੀਆਂ ਕਮਜ਼ੋਰੀਆਂ ਨੂੰ ਪੰਜਾਬ ਵਿੱਚ ਫੈਲਅ ਰਹੇ ਨਸ਼ਿਆਂ, ਗੈਂਗਸਟਰਵਾਦ ਅਤੇ ਹੁਦਰੇਪਨ ਅਤੇ ਜੁਰਮਾਂ ਦੀ ਦਲਦਲ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਹ ਕਮੀਆਂ ਕੈਨੇਡਾ ਵਰਗੇ ਮੁਲਕਾਂ ਵਿੱਚ ਤਾਂ ਨਹੀਂ। ਪਰ ਇਸਦੇ ਵਜੂਦ ਉਥੇ ਵੀ ਨਸ਼ਿਆਂ ਦੀ ਸਮਗ�ਿਗ ਅਤੇ ਗੈਂਗਸਟਰਵਾਦ ਵਰਗੇ ਜੁਰਮਾਂ ਵਿੱਚ ਪੰਜਾਬੀਆਂ ਦੀ ਵੱਡੀ ਭੂਮਿਕਾ ਪਰਵਾਸੀ ਪੰਜਾਬੀ ਲੀਡਰਸ਼ਿਪ ਦੀ ਸਾਰੇ ਵਰਤਾਰੇ ਲਈ ਸਿਰਫ ਭਾਰਤੀ ਸਟੇਟ ਨੂੰ ਹੀ ਜ਼ਿੰਮੇਵਾਰ ਠਹਿਰਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਰਣਨੀਤੀ ਅੱਗੇ ਵੱਡੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ।