ਮੱਧ ਪ੍ਰਦੇਸ਼ ''ਚ ਜੇਲ ਤੋਂ ਜ਼ਮਾਨਤ ’ਤੇ ਛੁੱਟੇ ਕਾਂਗਰਸ ਕੌਂਸਲਰ ਦਾ ਦੁੱਧ ਨਾਲ ‘ਅਭਿਸ਼ੇਕ’ ਜਿਸ ਦਾ ਭਾਜਪਾ ਨੇ ਕੀਤਾ ਵਿਰੋਧ। 

ਮੱਧ ਪ੍ਰਦੇਸ਼ ''ਚ ਜੇਲ ਤੋਂ ਜ਼ਮਾਨਤ ’ਤੇ ਛੁੱਟੇ ਕਾਂਗਰਸ ਕੌਂਸਲਰ ਦਾ ਦੁੱਧ ਨਾਲ ‘ਅਭਿਸ਼ੇਕ’ ਜਿਸ ਦਾ ਭਾਜਪਾ ਨੇ ਕੀਤਾ ਵਿਰੋਧ। 

 ਇੰਦੌਰ ’ਚ ਇਕ ਭਾਜਪਾ ਨੇਤਾ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਜ਼ਮਾਨਤ ’ਤੇ ਜੇਲ ਤੋਂ ਛੁੱਟੇ ਕਾਂਗਰਸ ਕੌਂਸਲਰ ਰਾਜੂ ਭਦੌਰੀਆ ਦੇ ਸਵਾਗਤ ਵਿਚ ਉਨ੍ਹਾਂ ਦੇ ਹਮਾਇਤੀਆਂ ਨੇ ਗਾਜੇ-ਵਾਜੇ ਨਾਲ ਜਲੂਸ ਕੱਢਿਆ ਅਤੇ ਉਨ੍ਹਾਂ ਨੂੰ ਦੁੱਧ ਨਾਲ ਨੁਹਾਇਆ। ਬੁੱਧਵਾਰ ਦੀ ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਬਾਅਦ ਨਾਰਾਜ਼ ਭਾਜਪਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਇਕ ਗੰਭੀਰ ਮਾਮਲੇ ਦੇ ਦੋਸ਼ੀ ਦੀ ਵਡਿਆਈ ਅਤੇ ਸਿਆਸਤ ਦਾ ਅਪਰਾਧੀਕਰਨ ਕਰ ਰਹੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਨੰਬਰ 22 ਦੇ ਕੌਂਸਲਰ ਰਾਜੂ ਖਿਲਾਫ 6 ਜੁਲਾਈ ਨੂੰ ਨਗਰ ਨਿਗਮਾ ਚੋਣਾਂ ਦੀ ਪੋਲਿੰਗ ਦੌਰਾਨ ਭਾਜਪਾ ਦੇ ਵਿਰੋਧੀ ਉਮੀਦਵਾਰ ਚੰਦੂਰਾਓ ਸ਼ਿੰਦੇ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਆਈ. ਪੀ. ਸੀ. ਦੀ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਾਜਸਥਾਨ ਦੇ ਕੋਟਾ ਤੋਂ 13 ਜੁਲਾਈ ਨੂੰ ਗ੍ਰਿਫਤਾਰੀ ਤੋਂ ਬਾਅਦ ਭਦੌਰੀਆ ਨੂੰ ਨਿਆਇਕ ਹਿਰਾਸਤ ਤਹਿਤ ਜੇਲ ਭੇਜਿਆ ਗਿਆ ਸੀ ਅਤੇ ਅਦਾਲਤ ਤੋਂ ਜ਼ਮਾਨਤ ਮਿਲਣ ’ਤੇ ਉਹ ਬੁੱਧਵਾਰ (24 ਅਗਸਤ) ਨੂੰ ਜੇਲ ਤੋਂ ਰਿਹਾਅ ਹੋਏ।