- Updated: August 12, 2022 11:07 AM
ਮੁੱਲਾਂਪੁਰ ਦਾਖਾ :
ਥਾਣਾ ਦਾਖਾ ਅਧੀਨ ਪੈਂਦੇ ਕਸਬੇ ’ਚ ਇਕ ਵਹਿਸ਼ੀ ਦਰਿੰਦੇ ਨੇ ਕੁੜੀ ਨੂੰ ਉਦੋਂ ਹਵਸ ਦਾ ਸ਼ਿਕਾਰ ਬਣ ਲਿਆ, ਜਦੋਂ ਉਹ ਘਰ ’ਚ ਇਕੱਲੀ ਸੀ। ਉਸ ਨੇ ਆਪਣਾ ਗੁਨਾਹ ਲੁਕਾਉਣ ਲਈ ਘਟੀਆ ਚਾਲ ਚੱਲਦਿਆਂ ਕੁੜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਮੂੰਹ ਬੰਦ ਰੱਖਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਸੀ. ਸੀ. ਟੀ. ਵੀ. 'ਚ ਕੈਦ ਹੋਈ ਉਸ ਦੀ ਕਰਤੂਤ ਨੇ ਸੱਚ ਬਿਆਨ ਕਰ ਦਿੱਤਾ। ਪੀੜਤਾ ਨੇ ਥਾਣਾ ਦਾਖਾ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਹ 7 ਅਗਸਤ ਨੂੰ ਸਵੇਰੇ 8 ਵਜੇ ਘਰ ’ਚ ਇਕੱਲੀ ਸੀ।ਨਵਦੀਪ ਸਿੰਘ ਉਰਫ਼ ਨਵੀ ਸਾਡੇ ਘਰ ਆਇਆ ਅਤੇ ਪੁੱਛਣ ਲੱਗਾ ਕਿ ਤੁਹਾਡਾ ਭਤੀਜਾ ਆਕਾਸ਼ਦੀਪ ਫੈਕਟਰੀ ਨਹੀਂ ਆਇਆ। ਉਸ ਦੀ ਫੋਨ ’ਤੇ ਗੱਲ ਕਰਵਾ ਦੇਵੇ। ਮੈਂ ਆਪਣੇ ਭਤੀਜੇ ਦੀ ਫੋਨ ’ਤੇ ਗੱਲ ਕਰਵਾ ਦਿੱਤੀ ਅਤੇ ਉਹ ਮੈਨੂੰ ਫੋਨ ਅੰਦਰ ਫੜ੍ਹਾ ਕੇ ਚਲਾ ਗਿਆ ਅਤੇ ਫਿਰ ਦੁਬਾਰਾ ਘਰ ਅੰਦਰ ਆ ਗਿਆ। ਮੇਰੇ ਤੋਂ ਫੋਨ ਮੰਗਣ ਲੱਗਾ ਪਰ ਮੈਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਮੈਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਮੂੰਹ ਖੋਲ੍ਹਿਆ ਤਾਂ ਮੈਂ ਤੈਨੂੰ ਬਦਨਾਮ ਕਰ ਦੇਵਾਂਗਾ ਅਤੇ ਤੂੰ ਉਲਟਾ ਫਸ ਜਾਵੇਂਗੀ। ਉਸੇ ਦਿਨ ਮੈਨੂੰ ਬਦਨਾਮ ਕਰਨ ਲਈ ਮੇਰੇ ਘਰਦਿਆਂ ਕੋਲ ਕਰੀਬ ਦੁਪਹਿਰ 12 ਵਜੇ ਨਵਦੀਪ ਆਇਆ ਅਤੇ ਕਹਿਣ ਲੱਗਾ ਕਿ ਤੁਹਾਡੀ ਕੁੜੀ ਕੋਲ ਕੋਈ ਮੁੰਡਾ ਆਇਆ ਸੀ।ਘਰਦਿਆਂ ਨੇ ਮੈਨੂੰ ਕਸੂਰਵਾਰ ਮੰਨਦਿਆਂ ਮੈਨੂੰ ਗਲਤ ਸਮਝ ਲਿਆ ਪਰ ਮੇਰੀ ਭਾਬੀ ਨੇ ਯਕੀਨ ਨਾ ਕਰਦਿਆਂ ਗਲੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਸਿਰਫ ਨਵਦੀਪ ਤੋਂ ਬਿਨਾਂ ਕੋਈ ਹੋਰ ਮੁੰਡਾ ਘਰ ਨਹੀਂ ਸੀ ਆਇਆ ਅਤੇ ਸੱਚ ਬਾਹਰ ਆ ਗਿਆ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਕੁੜੀ ਦਾ ਮੈਡੀਕਲ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਤੋਂ ਕਰਵਾਇਆ ਅਤੇ ਨਵਦੀਪ ਸਿੰਘ ਉਰਫ਼ ਨਵੀ ਪੁੱਤਰ ਗੁਰਮੁਖ ਸਿੰਘ ਵਾਸੀ ਦੀਪ ਨਗਰ, ਮੰਡੀ ਮੁੱਲਾਂਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂ ਕਿ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।