ਸਾਬਕਾ ਜੰਗਲਾਤ ਮੰਤਰੀ ਗਿਲਜੀਆਂ ਦਾ ਭਤੀਜਾ ਵਿਜੀਲੈਂਸ ਨੇ ਚੁੱਕਿਆ। 

ਸਾਬਕਾ ਜੰਗਲਾਤ ਮੰਤਰੀ ਗਿਲਜੀਆਂ ਦਾ ਭਤੀਜਾ ਵਿਜੀਲੈਂਸ ਨੇ ਚੁੱਕਿਆ। 

 

ਚੰਡੀਗੜ੍ਹ :

 
ਪੰਜਾਬ ਸਰਕਾਰ ਦੇ ਨਿਸ਼ਾਨੇ 'ਤੇ ਇਕ ਹੋਰ ਮੰਤਰੀ। ਅੱਜ ਵਿਜੀਲੈਂਸ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ 'ਤੇ ਡੀ.ਐੱਫ.ਓ. ਦੀ ਬਦਲੀ, ਟ੍ਰੀ ਗਾਰਡ ਅਤੇ ਬੂਟੇ ਲਾਉਣ ‘ਚ ਘੁਟਾਲੇ ਕਰਨ ਦੇ ਦੋਸ਼ ਹਨ। ਉਨ੍ਹਾਂ ਨੂੰ ਭਲਕੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਗਿਲਜੀਆਂ ਪਿਛਲੀ ਕਾਂਗਰਸ ਸਰਕਾਰ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੈਬਨਿਟ ਵਿੱਚ ਜੰਗਲਾਤ ਮੰਤਰੀ ਰਹਿ ਚੁੱਕੇ ਹਨ। ਵਿਜੀਲੈਂਸ ਸੂਤਰਾਂ ਮੁਤਾਬਕ ਸੰਗਤ ਸਿੰਘ ਗਿਲਜੀਆਂ ਦਾ ਸਾਰਾ ਕੰਮ ਦਲਜੀਤ ਸਿੰਘ ਗਿਲਜੀਆਂ ਹੀ ਦੇਖਦਾ ਸੀ। ਵਿਜੀਲੈਂਸ ਨੂੰ ਸ਼ੱਕ ਹੈ ਕਿ ਦਿਲਜੀਤ ਹੀ ਗਿਲਜੀਆਂ ਦੇ ਕਮਿਸ਼ਨ ਵਾਲੇ ਕੰਮ ਦੇਖਦਾ ਸੀ। ਦਲਜੀਤ ਗਿਲਜੀਆਂ ਦੇ ਗ੍ਰਿਫ਼ਤ 'ਚ ਆਉਣ ਤੋਂ ਬਾਅਦ ਹੁਣ ਸੰਗਤ ਸਿੰਘ ਗਿਲਜੀਆਂ 'ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਮੋਹਾਲੀ ਵਿੱਚ ਕੇਸ ਦਰਜ ਹੈ। ਗਿਲਜੀਆਂ ਦਾ ਨਾਂ ਜੇਲ੍ਹ ਵਿੱਚ ਬੰਦ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ। ਦਲਜੀਤ ਸਿੰਘ ਨੂੰ ਵੀ ਇਸੇ ਕੇਸ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਸਾਬਕਾ ਕਾਂਗਰਸ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਸਨ। ਇਸ ਤੋਂ ਬਾਅਦ ਜਦੋਂ ਕਪਤਾਨ ਨੂੰ ਹਟਾਇਆ ਗਿਆ ਤਾਂ ਧਰਮਸੋਤ ਦੀ ਵੀ ਛੁੱਟੀ ਕਰ ਦਿੱਤੀ ਗਈ। ਉਨ੍ਹਾਂ ਦੀ ਥਾਂ ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਸੀ, ਜੋ ਕਰੀਬ ਸਾਢੇ 3 ਮਹੀਨੇ ਇਸ ਅਹੁਦੇ 'ਤੇ ਰਹੇ।
ਇਹ ਵੀ ਦੱਸਣਯੋਗ ਹੈ ਕਿ ਜੰਗਲਾਤ ਘੁਟਾਲੇ 'ਚ ਫੜੇ ਗਏ ਹਰਮੋਹਿੰਦਰ ਸਿੰਘ ਠੇਕੇਦਾਰ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਨਾਡਾ 'ਚ ਖੈਰ ਦੇ ਦਰੱਖਤਾਂ ਦੀ ਕਟਾਈ ਦਾ ਪਰਮਿਟ ਲੈਣ ਲਈ ਕੁਲਵਿੰਦਰ ਸਿੰਘ ਰਾਹੀਂ ਸੰਗਤ ਸਿੰਘ ਗਿਲਜੀਆਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। ਉਸ ਨੇ ਰੇਂਜ ਅਫ਼ਸਰ, ਬਲਾਕ ਅਫ਼ਸਰ ਅਤੇ ਗਾਰਡ ਨੂੰ ਵੀ ਰਿਸ਼ਵਤ ਦਿੱਤੀ ਸੀ। ਦੋਸ਼ ਹੈ ਕਿ ਸਾਬਕਾ ਮੰਤਰੀ ਗਿਲਜੀਆਂ ਨੇ ਆਪਣੇ ਕਾਰਜਕਾਲ ਦੌਰਾਨ ਹਰਮੋਹਿੰਦਰ ਸਿੰਘ ਠੇਕੇਦਾਰ ਦੀ ਪੰਜਾਬ ਦੇ ਡੀ. ਐੱਫ.ਓ. ਨਾਲ ਮੀਟਿੰਗ ਕਰਵਾਈ ਸੀ।