ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਸ਼ਰਧਾਂਜਲੀ ਦਿੱਤੀ ਜਾਵੇਗੀ 

ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਨੂੰ ਅਕਾਲ ਤਖ਼ਤ ਵਿਖੇ ਸ਼ਰਧਾਂਜਲੀ ਦਿੱਤੀ ਜਾਵੇਗੀ 

ਦੇਸ਼ ਦੀ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਨੂੰ ਇਸ ਵਾਰ ਅਕਾਲ ਤਖ਼ਤ ਵਿਖੇ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਸਬੰਧੀ 14 ਅਗਸਤ ਨੂੰ ਅਖੰਡ ਪਾਠ ਆਰੰਭੇ ਜਾਣਗੇ ਅਤੇ 16 ਅਗਸਤ ਨੂੰ ਸਮਾਪਤੀ ਮੌਕੇ ਸਮੂਹਿਕ ਅਰਦਾਸ ਕੀਤੀ ਜਾਵੇਗੀ। ਇਹ ਜਾਣਕਾਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ। ਉਨ੍ਹਾਂ ਇਸ ਸਬੰਧੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਦੇਸ਼ ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ’ਚ 10 ਤੋਂ 16 ਅਗਸਤ ਤੱਕ ਮੂਲ ਮੰਤਰ ਅਤੇ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਕਿਹਾ ਹੈ। ਇਸ ਦੌਰਾਨ ਉਨ੍ਹਾਂ 16 ਅਗਸਤ ਨੂੰ ਅਕਾਲ ਤਖ਼ਤ ਵਿਖੇ ਹੋਣ ਵਾਲੇ ਸਮਾਗਮ ਵਿੱਚ ਵੰਡ ਵੇਲੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕ ਵੀ ਆਪਣੇ ਵਡੇਰਿਆਂ ਦੀ ਯਾਦ ਵਿੱਚ 10 ਤੋਂ 16 ਅਗਸਤ ਤਕ ਆਪਣੇ ਧਾਰਮਿਕ ਸਥਾਨਾਂ ’ਤੇ ਪ੍ਰਾਰਥਨਾ ਕਰਨ।ਦੇਸ਼ ਵੰਡ ਵੇਲੇ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ’ਚ ਸਮੂਹਿਕ ਅਰਦਾਸ ਕਰਨ ਦੇ ਫ਼ੈਸਲੇ ਦੀ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਵਿੱਚ 15 ਅਗਸਤ ਨੂੰ ਅਤੇ ਪਾਕਿਸਤਾਨ ਵਿੱਚ 14 ਅਗਸਤ ਨੂੰ ਆਜ਼ਾਦੀ ਦਿਹਾੜੇ ਮਨਾਏ ਜਾ ਰਹੇ ਹਨ। ਜ਼ਸਨ-ਏ-ਆਜ਼ਾਦੀ ਮਨਾਉਣ ਲਈ ਜਿੱਥੇ ਸਰਕਾਰਾਂ, ਪ੍ਰਸ਼ਾਸਨ ਤੇ ਅਵਾਮ ਪੱਬਾਂ ਭਾਰ ਹੈ, ਉਤਸ਼ਾਹਿਤ ਹੈ, ਉੱਥੇ 15 ਅਗਸਤ 1947 ਦੌਰਾਨ ਸਾਂਝੇ ਪੰਜਾਬ ਦੇ ਹੋਏ ਦੋ ਟੁਕੜਿਆਂ ਅਤੇ ਭਾਰਤ-ਪਾਕਿਸਤਾਨ ਦੀ ਵੰਡ ਦੀ ਕੀਮਤ ਆਪਣੇ ਉਜਾੜੇ ਤੇ ਜਾਨ-ਮਾਲ ਦੇ ਭਾਰੀ ਨੁਕਸਾਨ ਦੇ ਰੂਪ ਵਿੱਚ ਚੁਕਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ਕਿਤੇ ਚੇਤਿਆਂ ਦੀ ਗਰਦਿਸ਼ ਵਿੱਚ ਗੁਆਚੀ ਨਜ਼ਰ ਆ ਰਹੀ ਹੈ। ਉਸ ਵੇਲੇ ਹੋਈ ਵੰਡ ’ਚ ਦੇਸ਼ ਦੋ ਟੋਟੇ ਹੋ ਗਿਆ ਸੀ ਅਤੇ ਲੱਖਾਂ ਪੰਜਾਬੀ ਇਸ ਉਜਾੜੇ ਦਾ ਸ਼ਿਕਾਰ ਹੋਏ ਸਨ। ਇਸ ਵੰਡ ਵਿੱਚ ਲੋਕਾਂ ਦੇ ਘਰ, ਕਾਰੋਬਾਰ ਅਤੇ ਪਰਿਵਾਰ ਉੱਜੜ ਗਏ ਸਨ। ਇਸ ਦਾ ਸੇਕ ਸਿੱਖ ਭਾਈਚਾਰੇ ਨੂੰ ਵੀ ਲੱਗਾ, ਜਿਸ ਨੂੰ ਆਪਣੇ ਗੁਰੂ ਧਾਮ ਅਤੇ ਖ਼ਾਲਸਾ ਰਾਜ ਨਾਲ ਜੁੜੀਆਂ ਯਾਦਾਂ ਛੱਡਣੀਆਂ ਪਈਆਂ। ਉਨ੍ਹਾਂ ਕਿਹਾ ਕਿ ਇਹ ਵੰਡ ਸਿਆਸੀ ਆਗੂਆਂ ਦੀ ਫਿਰਕਾਪ੍ਰਸਤ ਸੋਚ ਦਾ ਸਿੱਟਾ ਸੀ ਜਿਸ ਨੇ ਲੱਖਾਂ ਪੰਜਾਬੀਆਂ ਦੀ ਜਾਨ ਲੈ ਲਈ ਅਤੇ ਲੱਖਾਂ ਨੂੰ ਘਰੋਂ ਬੇਘਰ ਕਰ ਕੇ ਉਜਾੜ ਦਿੱਤਾ। ਉਨ੍ਹਾਂ ਕਿਹਾ ਕਿ ਵੰਡ ਦੀ ਇਹ ਲਕੀਰ ਲੱਖਾਂ ਲੋਕਾਂ ਦੇ ਖੂਨ ਨਾਲ ਭਿੱਜੀ ਹੋਈ ਹੈ।