ਦੋ ਪਰਿਵਾਰਾਂ ਨੂੰ ਅਮਰੀਕਾ ਦੇ ਸੁਫ਼ਨੇ ਵਿਖਾ ਕੇ ਖ਼ਰਚਾ ਦਿੱਤੇ 40 ਲੱਖ ,ਮਾਰੀ ਠੱਗੀ

ਦੋ ਪਰਿਵਾਰਾਂ ਨੂੰ ਅਮਰੀਕਾ ਦੇ ਸੁਫ਼ਨੇ ਵਿਖਾ ਕੇ ਖ਼ਰਚਾ ਦਿੱਤੇ 40 ਲੱਖ ,ਮਾਰੀ ਠੱਗੀ

ਟਾਂਡਾ ਉੜਮੁੜ ਦੇ ਪਿੰਡ ਸਲੇਮਪੁਰ ਵਾਸੀ ਦੋ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਇਕ ਟਰੈਵਲ ਏਜੰਟ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਥਾਣਾ ਮੁਖੀ ਗੁਰਿੰਦਰ ਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪਹਿਲਾ ਮਾਮਲਾ ਗੁਰਬਖ਼ਸ਼ ਸਿੰਘ ਪੁੱਤਰ ਪਿਆਰਾ ਸਿੰਘ ਦੇ ਬਿਆਨ ਦੇ ਆਧਾਰ 'ਤੇ ਪ੍ਰੇਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਚੌਲਾਂਗ ਖ਼ਿਲਾਫ਼ ਦਰਜ ਕੀਤਾ ਹੈ, ਜੋ ਜਾਜਾ ਰੋਡ 'ਤੇ ਅਨਾਜ ਮੰਡੀ ਨੇੜੇ ਮਨੂੰ ਫਾਰੇਕਸ ਦੁਕਾਨ ਚਲਾਉਂਦਾ ਹੈ |

ਆਪਣੇ ਬਿਆਨ ਵਿਚ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਨੇ ਉਸ ਦੇ ਪੁੱਤਰ ਹਰਮਨਦੀਪ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20 ਲੱਖ 49 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਉਸ ਨੇ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਣ ਦੀ ਬਜਾਏ ਦੁਬਈ ਭੇਜ ਦਿੱਤਾ, ਬਾਅਦ ਵਿਚ ਉਸ ਦੀ ਰਕਮ ਵੀ ਵਾਪਸ ਨਹੀਂ ਕੀਤੀ।

ਦੂਜਾ ਮਾਮਲਾ ਕੁਲਦੀਪ ਕੌਰ ਪਤਨੀ ਮਲਕੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ, ਜਿਸ ਵਿਚ ਉਸ ਨੇ ਦੋਸ਼ ਲਾਇਆ ਕਿ ਪ੍ਰੇਮ ਸਿੰਘ ਨੇ ਉਸ ਦੇ ਪੁੱਤਰ ਅਮ੍ਰਿਤਪਾਲ ਸਿੰਘ ਨੂੰ ਅਮਰੀਕਾ ਭੇਜਣ ਦੀ ਬਜਾਏ ਦੁਬਈ ਭੇਜ ਦਿੱਤਾ ਅਤੇ ਉਸ ਨਾਲ 20 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਹੁਣ ਜਾਂਚ ਤੋਂ ਬਾਅਦ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਅਮਰਜੀਤ ਸਿੰਘ ਅਗਲੇਰੀ ਕਾਰਵਾਈ ਕਰ ਰਹੇ ਹਨ।