5 ਲੋਕਾਂ ਦੀ ਖੂਹ ’ਚ ਡਿੱਗੀ ਬਿੱਲੀ ਨੂੰ ਬਚਾਉਂਦੇ ਹੋਏ ਡੁੱਬਣ ਨਾਲ ਹੋਈ ਮੌਤ, ਇੱਕ ਨੂੰ ਜ਼ਿੰਦਾ ਬਾਹਰ ਕੱਢਿਆ

5 ਲੋਕਾਂ ਦੀ ਖੂਹ ’ਚ ਡਿੱਗੀ ਬਿੱਲੀ ਨੂੰ ਬਚਾਉਂਦੇ ਹੋਏ ਡੁੱਬਣ ਨਾਲ ਹੋਈ ਮੌਤ, ਇੱਕ ਨੂੰ ਜ਼ਿੰਦਾ ਬਾਹਰ ਕੱਢਿਆ

ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਖੂਹ ਵਿੱਚ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਇੱਕ ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਵਾਪਰੀ। ਬਿੱਲੀ ਨੂੰ ਬਚਾਉਣ ਲਈ ਇੱਕ ਵਿਅਕਤੀ ਖੂਹ ਦੇ ਅੰਦਰ ਗਿਆ। ਜਦੋਂ ਉਹ ਫਸ ਗਿਆ ਤਾਂ ਹੋਰ ਲੋਕ ਵੀ ਉਸ ਨੂੰ ਬਚਾਉਣ ਲਈ ਇਕ-ਇਕ ਕਰਕੇ ਖੂਹ ਵਿਚ ਵੜ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ 5 ਦੀ ਮੌਤ ਖੂਹ ’ਚੋਂ ਨਿਕਲਣ ਵਾਲੀ ਗੈਸ ਕਾਰਨ ਹੋਈ ਹੈ। ਇੱਕ ਵਿਅਕਤੀ ਨੂੰ ਬਚਾਇਆ ਗਿਆ ਹੈ, ਜੋ ਕਿ ਲੱਕ ਦੁਆਲੇ ਰੱਸੀ ਬੰਨ੍ਹ ਕੇ ਖੂਹ ਵਿੱਚ ਉਤਰਿਆ ਸੀ।

ਅਹਿਮਦਨਗਰ ਦੇ SP ਰਾਕੇਸ਼ ਓਲਾ ਨੇ ਦੱਸਿਆ ਕਿ ਇਹ ਘਟਨਾ 9 ਅਪ੍ਰੈਲ ਦੀ ਸ਼ਾਮ ਦੀ ਹੈ। ਨੇਵਾਸਾ ਤਾਲੁਕਾ ਦੇ ਵਾਕਦੀ ਪਿੰਡ ਵਿਚ ਇੱਕ ਬਿੱਲੀ ਇੱਕ ਪੁਰਾਣੇ ਖੂਹ ਵਿੱਚ ਡਿੱਗ ਗਈ ਸੀ। ਬਿੱਲੀ ਨੂੰ ਬਚਾਉਣ ਲਈ ਇੱਕ ਵਿਅਕਤੀ ਖੂਹ ਵਿਚ ਵੜ ਗਿਆ ਅਤੇ ਚਿੱਕੜ ਵਿਚ ਫਸ ਗਿਆ। ਉਸ ਨੇ ਮਦਦ ਲਈ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਇਕ ਹੋਰ ਵਿਅਕਤੀ ਵੀ ਉਸ ਨੂੰ ਬਚਾਉਣ ਲਈ ਖੂਹ ’ਚ ਚਲਾ ਗਿਆ, ਜਿਸ ਕਾਰਨ ਮਾਮਲਾ ਹੋਰ ਗੰਭੀਰ ਹੋ ਗਿਆ। ਹੋਰ ਲੋਕ ਵੀ ਇੱਕ ਤੋਂ ਬਾਅਦ ਇੱਕ ਬਚਾਉਣ ਲਈ ਅੰਦਰ ਚਲੇ ਗਏ।

ਬਚਾਅ ਟੀਮਾਂ ਨੇ ਇੱਕ ਬਿੱਲੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਬਾਇਓ ਗੈਸ ਚੈਂਬਰ (ਪੁਰਾਣੇ ਖੂਹ) ਵਿਚ ਛਾਲ ਮਾਰਨ ਵਾਲੇ 6 ਵਿਅਕਤੀਆਂ ਵਿੱਚੋਂ 5 ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਇੱਕ ਵਿਅਕਤੀ, ਜੋ ਕਿ ਲੱਕ ਦੁਆਲੇ ਰੱਸੀ ਬੰਨ੍ਹ ਕੇ ਖੂਹ ਵਿੱਚ ਦਾਖਲ ਹੋਇਆ ਸੀ, ਉਹ ਬਚ ਗਿਆ। ਪੁਲਿਸ ਨੇ ਉਸ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ 6 ਲੋਕ ਖੂਹ ’ਚ ਡਿੱਗੇ ਸਨ। ਜਦੋਂ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਚਾਅ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਿਸ ਨੂੰ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਐਂਬੂਲੈਂਸ ਅਤੇ ਮੈਡੀਕਲ ਟੀਮਾਂ ਤਿਆਰ ਕਰ ਲਈਆਂ ਗਈਆਂ। ਉਨ੍ਹਾਂ ਵਿੱਚੋਂ ਇੱਕ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।

ਨੇਵਾਸਾ ਥਾਣੇ ਦੇ ਇੰਸਪੈਕਟਰ ਧਨੰਜੈ ਯਾਦਵ ਨੇ ਦੱਸਿਆ ਕਿ ਇਹ ਸਾਰੇ ਸਥਾਨਕ ਕਿਸਾਨ ਸਨ। ਬਚਾਏ ਗਏ ਕਿਸਾਨ ਦੀ ਹਾਲਤ ਫਿਲਹਾਲ ਸਥਿਰ ਹੈ। ਮਰਨ ਵਾਲੇ ਪੰਜ ਵਿਅਕਤੀਆਂ ਦੀ ਪਛਾਣ ਮਾਨਿਕ ਕਾਲੇ (65), ਮਾਨਿਕ ਪੁੱਤਰ ਸੰਦੀਪ (36), ਅਨਿਲ ਕਾਲੇ (53), ਅਨਿਲ ਪੁੱਤਰ ਬਬਲੂ (28) ਅਤੇ ਬਾਬਾ ਸਾਹਿਬ ਗਾਇਕਵਾੜ (36) ਵਜੋਂ ਹੋਈ ਹੈ। ਜਦੋਂਕਿ ਬਚਾਏ ਗਏ ਵਿਅਕਤੀ ਦੀ ਪਛਾਣ ਮਾਣਿਕ ਦੇ ਛੋਟੇ ਪੁੱਤਰ ਵਿਜੇ (35) ਵਜੋਂ ਹੋਈ ਹੈ।