- Updated: August 31, 2023 01:01 PM
ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਪੁਲਸ ਦੀ ਮਦਦ ਨਾਲ ਆਈ. ਐੱਸ. ਆਈ. ਨਾਲ ਸਬੰਧਤ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗਿਰੋਹ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਗਰੁੱਪ ਨਾਲ ਜੁੜਿਆ ਹੋਇਆ ਹੈ, ਜੋ ਪਾਕਿਸਤਾਨ ਭੱਜ ਗਿਆ ਸੀ ਅਤੇ ਉਥੋਂ ਮਿਲੀਆਂ ਹਦਾਇਤਾਂ 'ਤੇ ਹੀ ਇਹ ਗਿਰੋਹ ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।

ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਇਸ ਦੀ ਜਾਣਕਾਰੀ ਟਵਿੱਟਰ ਜ਼ਰੀਏ ਦਿੱਤੀ ਹੈ। ਗੋਰਵ ਯਾਦਵ ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ਼ ਰਿੰਦਾ ਗੈਂਗ ਨਾਲ ਜੁੜੇ 6 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਨੇ ਅਪ੍ਰੈਲ 2023 'ਚ ਪਟਿਆਲਾ 'ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਸੀ, ਉਦੋਂ ਤੋਂ ਇਹ ਗਿਰੋਹ ਫਰਾਰ ਚੱਲ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਅਜੇ ਵੀ ਪੰਜਾਬ ਵਿਚ ਕਤਲ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।

ਮੁਲਜ਼ਮਾਂ ਤੋਂ ਹਥਿਆਰ ਵੀ ਹੋਏ ਬਰਾਮਦ
ਪੰਜਾਬ ਪੁਲਸ ਨੇ ਮੁਲਜ਼ਮਾਂ ਕੋਲੋਂ 5 ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਸ ਦਾ ਅੰਦਾਜ਼ਾ ਹੈ ਕਿ ਮੁਲਜ਼ਮ ਆਉਣ ਵਾਲੇ ਦਿਨਾਂ ਵਿੱਚ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਸਨ। ਜਲਦ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਪਟਿਆਲਾ ਵਿੱਚ ਦੋ ਦੋਸਤਾਂ ਦਾ ਕੀਤਾ ਸੀ ਕਤਲ
24 ਅਪ੍ਰੈਲ ਦੀ ਰਾਤ ਨੂੰ ਮੁਲਜ਼ਮਾਂ ਨੇ ਬੱਸ ਸਟੈਂਡ ਨੇੜੇ ਦੋ ਦੋਸਤਾਂ ਨਕੁਲ ਅਤੇ ਅਨਿਲ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਕ ਹਫ਼ਤੇ ਦੇ ਅੰਦਰ ਹੀ ਪੁਲਸ ਨੇ ਇਸ ਗਿਰੋਹ ਨਾਲ ਜੁੜੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਇਕ ਕਾਰ ਵੀ ਜ਼ਬਤ ਕੀਤੀ ਸੀ। ਪੁਲਸ ਨੂੰ ਹੋਰ ਮੁਲਜ਼ਮਾਂ ਬਾਰੇ ਵੀ ਪਤਾ ਲੱਗਾ ਅਤੇ ਪੁਲਸ ਉਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਇਸ ਛਾਪੇਮਾਰੀ ਦੌਰਾਨ ਪੁਲਸ ਨੂੰ 6 ਹੋਰ ਮੁਲਜ਼ਮਾਂ ਬਾਰੇ ਜਾਣਕਾਰੀ ਮਿਲੀ, ਜਿਨ੍ਹਾਂ ਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਇਹ ਮੁਲਜ਼ਮ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਟ੍ਰੈਪ ਲਗਾ ਕੇ 6 ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।