- Updated: September 14, 2024 01:10 PM
‘ਆਪ’ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ਼ ਡੀਸੀ ਦੀ 9 ਸਤੰਬਰ ਦੀ ਸ਼ਾਮ ਨੂੰ ਖੰਨਾ ਦੇ ਪਿੰਡ ਇਕੋਲਾਹਾ ਵਿਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਮੁੱਖ ਆਰੋਪੀ ਰਣਜੀਤ ਸਿੰਘ ਵਾਸੀ ਇਕੋਲਾਹਾ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੀਤੀ ਰਾਤ ਪੁਲਿਸ ਨੇ ਇਸ ਮਾਮਲੇ ਵਿਚ ਨਾਮਜ਼ਦ ਅਕਾਲੀ ਆਗੂ ਤੇਜਿੰਦਰ ਸਿੰਘ ਇਕੋਲਾਹਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੇਜਿੰਦਰ ਦੇ ਭਰਾ ਦੀ ਭਾਲ ਜਾਰੀ ਹੈ। ਆਰੋਪ ਹੈ ਕਿ ਦੋਵੇਂ ਭਰਾਵਾਂ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਤੇਜਿੰਦਰ ਨੂੰ ਬਾਅਦ ਦੁਪਹਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮੁੱਖ ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿੰਨ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਰਣਜੀਤ ਨੂੰ ਮੁੜ ਖੰਨਾ ਅਦਾਲਤ 'ਚ ਪੇਸ਼ ਕੀਤਾ ਗਿਆ। ਜੱਜ ਦੇ ਸਾਹਮਣੇ ਸਰਕਾਰੀ ਵਕੀਲ ਨੇ ਪੁਲਿਸ ਵਲੋਂ ਰਿਮਾਂਡ ਦੀ ਮੰਗ ਕੀਤੀ ਗਈ। ਇਸ ਦਾ ਹਵਾਲਾ ਦਿੱਤਾ ਗਿਆ ਕਿ ਇਹ ਸਿਆਸੀ ਕਤਲ ਸੀ। ਇਸ ਵਿੱਚ ਦੋ ਫ਼ਰਾਰ ਭਰਾਵਾਂ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ ਹਨ। ਇਸ ਲਈ ਹੁਣ ਰਿਮਾਂਡ ਦੀ ਲੋੜ ਹੈ।
ਆਰੋਪੀ ਪੱਖ ਦੇ ਵਕੀਲ ਦਾ ਕਹਿਣਾ ਸੀ ਕਿ 3 ਦਿਨਾਂ ਦੇ ਰਿਮਾਂਡ ਵਿਚ ਕੁਝ ਨਵਾਂ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਪੁਲਿਸ ਨੂੰ ਕੋਈ ਸੁਰਾਗ ਮਿਲਿਆ ਹੈ। ਇਸ ਲਈ ਉਨ੍ਹਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਜੱਜ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਦੇ ਦਿੱਤਾ। ਇਸ ਤੋਂ ਕੁਝ ਘੰਟਿਆਂ ਬਾਅਦ ਅਕਾਲੀ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦਈਏ ਕਿ ਖੰਨਾ 'ਚ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ ਡੀਸੀ (56) ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਸ਼ਾਮ ਨੂੰ ਜਦੋਂ ਤਰਲੋਚਨ ਆਪਣੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਕਿਸੇ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ। ਤਰਲੋਚਨ ਖੂਨ ਨਾਲ ਲੱਥਪੱਥ ਹਾਲਤ ਵਿਚ ਪਿੰਡ ਦੀ ਸੜਕ ਕਿਨਾਰੇ ਪਿਆ ਸੀ ਤਾਂ ਉਸ ਦੇ ਲੜਕੇ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਤਰਲੋਚਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ।