''ਆਪ'' ਵਿਧਾਇਕ ਦੀ ਕੋਠੀ ''ਤੇ ਨਾਅਰੇ ਲਿਖਣ ਤੇ ਪੁਲਸ ਵੱਲੋਂ ਤਿੰਨ ਨੌਜਵਾਨ ਗ੍ਰਿਫ਼ਤਾਰ

''ਆਪ'' ਵਿਧਾਇਕ ਦੀ ਕੋਠੀ ''ਤੇ ਨਾਅਰੇ ਲਿਖਣ ਤੇ ਪੁਲਸ ਵੱਲੋਂ ਤਿੰਨ ਨੌਜਵਾਨ ਗ੍ਰਿਫ਼ਤਾਰ

ਮਹਿਲ ਕਲਾਂ ਪੁਲਸ ਨੇ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਪਿੰਡ ਪੰਡੋਰੀ ਵਿਚ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਕੋਠੀ ਅਤੇ ਪਿੰਡ ਦੀਆਂ ਹੋਰ ਕਈ ਥਾਵਾਂ ਉੱਪਰ ਖ਼ਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਏ.ਐੱਸ.ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਕੋਠੀ ਸਮੇਤ ਪਿੰਡ ਦੀਆਂ ਹੋਰ ਥਾਵਾਂ ਉੱਪਰ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮਾਮਲੇ ਵਿਚ ਵਿਧਾਇਕ ਦੇ ਗੰਨਮੈਨ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਲੇਲਿਆਂਵਾਲੀ (ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ) ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਮਹਿਲ ਕਲਾਂ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਜਾਂਚ ਅੱਗੇ ਵਧਾਉਂਦਿਆਂ ਤਿੰਨ ਨੌਜਵਾਨਾਂ – ਗੁਰਮੀਤ ਸਿੰਘ, ਗੁਰਸੇਵਕ ਸਿੰਘ ਉਰਫ ਮਨੀ, ਅਤੇ ਕਿਰਪਾ ਸਿੰਘ, ਤਿੰਨੇ ਵਾਸੀ ਮਹਿਲ ਖੁਰਦ – ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਨੌਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਏ.ਐੱਸ.ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੀ.ਐੱਸ.ਪੀ. ਮਹਿਲ ਕਲਾਂ ਜਤਿੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਏ.ਐੱਸ.ਆਈ. ਅੰਮ੍ਰਿਤਪਾਲ ਸਿੰਘ ਅਤੇ ਹਵਲਦਾਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।