ਵੱਡੀ ਖ਼ਬਰ: ਰਾਜ ਸਭਾ ਤੋਂ ਰਾਘਵ ਚੱਢਾ ਨੂੰ ਕੀਤਾ ਗਿਆ ਸਸਪੈਂਡ,ਜਾਅਲੀ ਦਸਤਖ਼ਤ ਮਾਮਲੇ ਵਿਚ ਰਿਪੋਰਟ ਆਉਣ ਤੱਕ ਰਹਿਣਗੇ ਬਾਹਰ

ਵੱਡੀ ਖ਼ਬਰ: ਰਾਜ ਸਭਾ ਤੋਂ ਰਾਘਵ ਚੱਢਾ ਨੂੰ ਕੀਤਾ ਗਿਆ ਸਸਪੈਂਡ,ਜਾਅਲੀ ਦਸਤਖ਼ਤ ਮਾਮਲੇ ਵਿਚ ਰਿਪੋਰਟ ਆਉਣ ਤੱਕ ਰਹਿਣਗੇ ਬਾਹਰ

ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।ਇਸਤੋਂ ਇਲਾਵਾ 'ਆਪ' ਦੇ ਦੂਜੇ ਸੰਸਦ ਮੈਂਬਰ ਸੰਜੇ ਸਿੰਘ ਦੀਆਂ ਮੁਸ਼ਕਿਲਾਂ ਵੀ ਘੱਟ ਨਹੀਂ ਹੋਈਆਂ। ਉਨ੍ਹਾਂ ਦਾ ਸਸਪੈਂਸ਼ਨ ਵੀ ਵਧਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਦੋਵਾਂ ਨੇਤਾਵਾਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਫੈਸਲਾ ਆਉਣ ਤਕ ਰਾਜ ਸਭਾ ਤੋਂ ਸਸਪੈਂਡ ਕੀਤਾ ਗਿਆ ਹੈ।  ਰਾਘਵ ਚੱਢਾ 'ਤੇ ਸਾਂਸਦਾਂ ਦੀ ਮਨਜ਼ੂਰੀ ਤੋਂ ਬਿਨਾਂ ਮੋਸ਼ਨ ਮੂਵ ਕਰਨ ਦੇ ਇਲਜ਼ਾਮ ਲੱਗੇ ਹਨ। ਰਾਘਵ ਚੱਢਾ ਜਾਅਲੀ ਦਸਤਖ਼ਤ ਮਾਮਲੇ ਵਿਚ ਰਿਪੋਰਟ ਆਉਣ ਤੱਕ ਸਸਪੈਂਡ ਰਹਿਣਗੇ ਤੇ ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਅਧਿਕਾਰ ਕਮੇਟੀ ਕਰ ਰਹੀ ਹੈ। 

ਦਰਅਸਲ ਪੰਜ ਸੰਸਦ ਮੈਂਬਰਾਂ ਨੇ ਰਾਜ ਸਭਾ ਵਿਚ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਦਿੱਲੀ ਸੇਵਾਵਾਂ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੇ ਪ੍ਰਸਤਾਵ 'ਤੇ ਉਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ। ਇਹ ਪ੍ਰਸਤਾਵ 'ਆਪ' ਸੰਸਦ ਰਾਘਵ ਚੱਢਾ ਨੇ ਪੇਸ਼ ਕੀਤਾ ਸੀ। ਵਿਰੋਧ ਦਰਜ ਕਰਵਾਉਣ ਵਾਲੇ ਤਿੰਨ ਭਾਜਪਾ ਸੰਸਤ ਮੈਂਬਰ ਹਨ, ਇਕ ਬੀਜਦ ਤੋਂ ਹੈ ਅਤੇ ਇਕ ਏਆਈਏਡੀਐਮਕੇ ਦੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਵਿਰੋਧ ਦਰਜ ਕਰਵਾਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ।

ਇਹ ਵਿਵਾਦ ਸਾਹਮਣੇ ਆਉਂਦੇ ਹੀ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਇਸ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ ਇਨ੍ਹਾਂ ਪੰਜ ਸੰਸਦ ਮੈਂਬਰਾਂ ਵਿਚ ਸਸਮਿਤ ਪਾਤਰਾ (ਬੀਜੇਡੀ), ਨਰਹਰੀ ਅਮੀਨ (ਭਾਜਪਾ), ਸੁਧਾਂਸ਼ੂ ਤ੍ਰਿਵੇਦੀ (ਭਾਜਪਾ), ਨਾਗਾਲੈਂਡ ਦੇ ਸੰਸਦ ਮੈਂਬਰ ਫਾਂਗਨੋਨ ਕੋਨਯਕ (ਬੀਜੇਪੀ) ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਥੰਬੀਦੁਰਾਈ ਸ਼ਾਮਲ ਹਨ। ਥੰਬੀਦੁਰਾਈ ਏਆਈਏਡੀਐਮਕੇ ਦੇ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਆਪ ਦੇ ਸੰਸਦ ਸੰਜੇ ਸਿੰਘ ਵੀ ਰਾਜ ਸਭਾ ਤੋਂ ਸਸਪੈਂਡ ਹਨ। ਉਹਨਾਂ ਨੇ ਸੈਸ਼ਨ ਦੀ ਸ਼ੁਰੂਆਤ ਵਿਚ ਹੀ ਸਸਪੈਂਡ ਕਰ ਦਿੱਤਾ ਗਿਆ ਸੀ।