40 ਦਿਨਾਂ ਬਾਅਦ ਪੁਰਤਗਾਲ ਤੋਂ ਨੌਜਵਾਨ ਦੀ ਆਈ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

40 ਦਿਨਾਂ ਬਾਅਦ ਪੁਰਤਗਾਲ ਤੋਂ ਨੌਜਵਾਨ ਦੀ ਆਈ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ

ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਗੁਰੀਆ ਦੇ ਰਹਿਣ ਵਾਲੇ ਨੌਜਵਾਨ ਦੀ ਪਿਛਲੇ ਦਿਨੀਂ ਭੇਦ ਭਰੀ ਹਾਲਾਤ 'ਚ ਪੁਰਤਗਾਲ 'ਚ ਮੌਤ ਹੋ ਗਈ ਸੀ, ਜਿਸ ਦੀ ਅੱਜ ਜੱਦੀ ਪਿੰਡ ਵਿਖੇ ਮ੍ਰਿਤਕ ਦੇਹ ਪਹੁੰਚਣ 'ਤੇ ਪੂਰੇ ਪਿੰਡ ਵਿੱਚ ਆਤਮ ਦਾ ਮਾਹੌਲ ਛਾਹ ਗਿਆ।

ਇਸ ਸਬੰਧੀ ਇਕੱਠੀ ਕੀਤੀ ਜਾਣਕਾਰੀ ਅਨੁਸਾਰ  ਮਨਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਪੁਰਤਗਾਲ ਗਿਆ ਸੀ । ਜਦੋਂ ਕਿ ਕਰੀਬ 40 ਦਿਨ ਪਹਿਲਾਂ ਉਸ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਅੱਜ ਕਰੀਬ 40 ਦਿਨ ਬਾਅਦ ਮਨਪ੍ਰੀਤ ਸਿੰਘ ਦਾ  ਮ੍ਰਿਤਕ ਦੇਹ ਪਿੰਡ ਪੁੱਜੀ। ਨੌਜਵਾਨ ਦਾ ਮ੍ਰਿਤਕ ਸਰੀਰ ਪਿੰਡ ਪੁੱਜਣ 'ਤੇ ਜਿੱਥੇ ਪਰਿਵਾਰ ਦਾ  ਰੋ-ਰੋ  ਬੁਰਾ ਹਾਲ ਹੋ ਗਿਆ । ਉੱਥੇ ਹੀ ਪਿੰਡ ਅੰਦਰ ਵੀ ਮਾਤਮ ਛਾਅ ਗਿਆ। 

ਮ੍ਰਿਤਕ ਨੌਜਵਾਨ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਮਨਪ੍ਰੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਇਟਲੀ 'ਚ ਰਹਿੰਦੇ ਆਪਣੇ ਦੂਸਰੇ ਭਰਾ ਚਰਨਜੀਤ ਸਿੰਘ ਕੋਲ ਗਿਆ ਸੀ ਤੇ ਉਥੋਂ ਕਰੀਬ ਅੱਠ ਮਹੀਨੇ ਪਹਿਲਾਂ ਉਹ ਪੁਰਤਗਾਲ ਚਲਾ ਗਿਆ ਸੀ । ਜਦੋਂ ਕਿ ਕਰੀਬ 40 ਦਿਨ ਪਹਿਲਾਂ ਪੁਰਤਗਾਲ ਤੋਂ ਉਸ ਨਾਲ ਰਹਿੰਦੇ ਇੱਕ ਨੌਜਵਾਨ ਨੇ ਉਹਨਾਂ ਨੂੰ ਫੋਨ ਦੁਆਰਾ ਇਹ ਖ਼ਬਰ ਦਿੱਤੀ ਕਿ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਦੀ ਭੇਤ ਭਰੇ ਹਾਲਾਤ 'ਚ ਮੌਤ ਹੋ ਗਈ ਹੈ। ਪੀੜਤ ਪਿਤਾ ਨੇ ਭਰੇ ਮਨ ਨਾਲ ਰੋਂਦਿਆਂ ਦੱਸਿਆ ਕਿ ਮੌਤ ਤੋਂ ਥੋੜਾ ਸਮਾਂ ਪਹਿਲਾਂ ਮਨਪ੍ਰੀਤ ਨੇ ਆਪਣੀ ਇਟਲੀ ਰਹਿੰਦੇ ਭਰਾ ਚਰਨਜੀਤ ਸਿੰਘ ਨੂੰ ਦੱਸਿਆ ਸੀ ਕਿ ਉਸ ਦਾ ਉੱਥੇ ਕਿਸੇ ਨੌਜਵਾਨ ਦੇ ਨਾਲ ਝਗੜਾ ਹੋਇਆ ਹੈ ਪਰ ਉਸ ਤੋਂ ਜਲਦ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਮੇਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਪੀੜਤ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਪਣੇ ਪੁੱਤਰ ਦੀ ਲਾਸ਼ ਭਾਰਤ ਮੰਗਵਾਉਣ ਤੋਂ ਅਸਮਰਥ ਸਨ ਪਰ ਅੱਜ ਐੱਨ. ਆਰ. ਆਈ. ਸਭਾ ਦੇ ਯਤਨਾਂ ਸਦਕਾ ਮਨਪ੍ਰੀਤ ਸਿੰਘ ਦੀ ਲਾਸ਼ ਪਿੰਡ ਪੁੱਜਣ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਸੀਬ ਹੋਏ ਹਨ । ਪੀੜਿਤ ਪਰਿਵਾਰ ਵੱਲੋਂ ਸਾਕ ਸੰਬੰਧੀਆਂ ਦੀ  ਹਾਜ਼ਰੀ 'ਚ ਮਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਰੀਆ ਵਿਖੇ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਦੀ ਘੜੀ 'ਚ ਦੁੱਖ ਸਾਂਝਾ ਕੀਤਾ ਗਿਆ।