ਧੀ-ਪੁੱਤਰ ਸਣੇ Air India Plane Crash ਹਾਦਸੇ ''ਚ ਖ਼ਤਮ ਹੋਇਆ NRI ਪਰਿਵਾਰ

 ਧੀ-ਪੁੱਤਰ ਸਣੇ Air India Plane Crash ਹਾਦਸੇ ''ਚ ਖ਼ਤਮ ਹੋਇਆ NRI ਪਰਿਵਾਰ

ਵੀਰਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਵਾਪਰਿਆ ਭਿਆਨਕ ਜਹਾਜ਼ ਹਾਦਸਾ ਕਈ ਪਰਿਵਾਰਾਂ ਨੂੰ ਹਮੇਸ਼ਾ ਲਈ ਤੋੜ ਕੇ ਰੱਖ ਗਿਆ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿਚ ਇੱਕ ਮੁੰਬਈ ਤੋਂ ਜਾਵੇਦ ਅਲੀ ਦਾ ਪਰਿਵਾਰ ਵੀ ਸ਼ਾਮਲ ਸੀ, ਜੋ ਲੰਡਨ ਵਾਪਸ ਜਾਣ ਲਈ ਏਅਰ ਇੰਡੀਆ ਦੀ ਉਡਾਣ AI-171 ਵਿੱਚ ਸਵਾਰ ਹੋਇਆ ਸੀ। ਪਰ ਕੌਣ ਜਾਣਦਾ ਸੀ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਉਡਾਣ ਸਾਬਤ ਹੋਵੇਗੀ। ਇਸ ਭਿਆਨਕ ਹਾਦਸੇ ਵਿੱਚ ਜਾਵੇਦ ਅਲੀ (37), ਉਸਦੀ ਪਤਨੀ ਮਰੀਅਮ (35), 8 ਸਾਲਾ ਪੁੱਤਰ ਜ਼ਯਾਨ ਅਤੇ 4 ਸਾਲਾ ਧੀ ਅਮੀਨ - ਚਾਰਾਂ ਦੀ ਮੌਤ ਹੋ ਗਈ।

ਜਾਵੇਦ ਪਿਛਲੇ ਛੇ ਦਿਨਾਂ ਤੋਂ ਮੁੰਬਈ ਵਿੱਚ ਸੀ, ਜਿੱਥੇ ਉਹ ਆਪਣੀ ਮਾਂ ਦੇ ਦਿਲ ਦੀ ਸਰਜਰੀ ਲਈ ਆਇਆ ਸੀ। ਇਲਾਜ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਲੰਡਨ ਵਾਪਸ ਆ ਰਿਹਾ ਸੀ। ਪਰਿਵਾਰ ਦੇ ਇੱਕ ਕਰੀਬੀ ਦੋਸਤ ਰਫੀਕ ਸ਼ੇਖ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਾਵੇਦ ਅਤੇ ਮਰੀਅਮ ਲੰਡਨ ਵਿੱਚ ਸੈਟਲ ਹੋ ਗਏ ਸਨ ਅਤੇ ਦੋਵਾਂ ਦੇ ਦੋ ਮਾਸੂਮ ਬੱਚੇ ਸਨ। ਉਹ ਇਸ ਫਲਾਈਟ ਵਿੱਚ ਸਵਾਰ ਹੋ ਕੇ ਆਪਣੀ ਜ਼ਿੰਦਗੀ ਦੀ ਰੋਜ਼ਾਨਾ ਰਫ਼ਤਾਰ ਵਿੱਚ ਵਾਪਸ ਆ ਰਹੇ ਸਨ ਪਰ ਕੁਝ ਕੁ ਮਿੰਟਾਂ ਵਿੱਚ ਸਭ ਕੁਝ ਖ਼ਤਮ ਹੋ ਗਿਆ। ਰਫੀਕ ਸ਼ੇਖ, ਜੋ ਇਸ ਸਮੇਂ ਪੋਸਟ ਮਾਰਟਮ ਵਿਭਾਗ ਦੇ ਬਾਹਰ ਬੈਠੇ ਹੋਏ ਹਨ, ਉਹ ਇਸ ਹਾਦਸੇ ਕਾਰਨ ਅੰਦਰੋ ਟੁੱਟ ਚੁੱਕਾ ਹੈ। ਉਹਨਾਂ ਕਿਹਾ ਕਿ ਸਵੇਰ ਤੋਂ ਹਸਪਤਾਲ ਤੋਂ ਬਾਹਰ ਬੈਠੇ ਹਾਂ। ਹੁਣ ਸਿਰਫ਼ ਇੰਤਜ਼ਾਰ ਹੈ ਕਿ ਆਪਣੇ ਅਜ਼ੀਜ਼ਾਂ ਦੀ ਆਖਰੀ ਝਲਕ ਦੇਖਣ ਨੂੰ ਮਿਲ ਜਾਵੇ। ਗੁੱਸਾ ਵੀ ਹੈ ਪਰ ਦੁੱਖ-ਦਰਦ ਇਸ ਗੱਲ ਦਾ ਵੀ ਹੈ ਕਿ ਹੁਣ ਕੁਝ ਵੀ ਵਾਪਸ ਨਹੀਂ ਆਵੇਗਾ।

ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਦੀ ਉਡਾਣ AI-171 ਵਿੱਚ ਕੁੱਲ 242 ਲੋਕ ਸਵਾਰ ਸਨ। ਇਸ ਹਾਦਸੇ ਵਿੱਚ 241 ਲੋਕਾਂ ਦੀ ਮੌਤ ਹੋ ਗਈ ਹੈ - ਸਿਰਫ਼ ਇੱਕ ਵਿਅਕਤੀ ਬਚਿਆ ਹੈ, ਜਿਸਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਨੂੰ ਭਾਰਤ ਦੇ ਹਵਾਬਾਜ਼ੀ ਇਤਿਹਾਸ ਦੇ ਸਭ ਤੋਂ ਵੱਡੇ ਦੁਖਾਂਤਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਜਾਂਚ ਏਜੰਸੀਆਂ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਹਾਜ਼ ਉਡਾਣ ਭਰਨ ਤੋਂ ਇੱਕ ਮਿੰਟ ਬਾਅਦ ਤੇਜ਼ੀ ਨਾਲ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਅਤੇ ਫਿਰ ਸੰਪਰਕ ਟੁੱਟ ਗਿਆ। ਹੁਣ ਸਵਾਲ ਇਹ ਤੇਜ਼ ਹੋ ਗਏ ਹਨ ਕਿ ਕੀ ਇਹ ਤਕਨੀਕੀ ਨੁਕਸ ਸੀ ਜਾਂ ਕੁਝ ਹੋਰ।