ਅਡਾਨੀ ਮੁੱਦੇ ‘ਤੇ ਬੋਲੇ ਮੰਤਰੀ ਅਮਿਤ ਸ਼ਾਹ, ਕਿਹਾ- “ਭਾਜਪਾ ਦੇ ਲਈ ਇਸ ਵਿੱਚ ਕੁਝ ਵੀ ਲੁਕਾਉਣ ਵਰਗਾ ਨਹੀਂ ਹੈ ਤੇ ਨਾ ਹੀ ਕਿਸੇ ਗੱਲ ਤੋਂ ਡਰਨ ਦੀ ਲੋੜ ਹੈ”

ਅਡਾਨੀ ਮੁੱਦੇ ‘ਤੇ ਬੋਲੇ ਮੰਤਰੀ ਅਮਿਤ ਸ਼ਾਹ, ਕਿਹਾ- “ਭਾਜਪਾ ਦੇ ਲਈ ਇਸ ਵਿੱਚ ਕੁਝ ਵੀ ਲੁਕਾਉਣ ਵਰਗਾ ਨਹੀਂ ਹੈ ਤੇ ਨਾ ਹੀ ਕਿਸੇ ਗੱਲ ਤੋਂ ਡਰਨ ਦੀ ਲੋੜ ਹੈ”

ਕਾਰੋਬਾਰੀ ਗੌਤਮ ਅਡਾਨੀ ਤੇ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਮੁੱਦੇ ‘ਤੇ ਕਾਂਗਰਸ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੇਂਦਰ ‘ਤੇ ਹਮਲਾਵਰ ਹੈ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਡਾਨੀ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਹੈ। ਭਾਜਪਾ ਦੇ ਲਈ ਇਸ ਵਿੱਚ ਕੁਝ ਵੀ ਲੁਕਾਉਣ ਵਰਗਾ ਨਹੀਂ ਹੈ ਤੇ ਨਾ ਹੀ ਕਿਸੇ ਗੱਲ ਤੋਂ ਡਰਨ ਦੀ ਲੋੜ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਕਿਸੇ ਮਾਮਲੇ ਨੂੰ ਸੀਜ਼ ਕੀਤਾ ਹੋਵੇ ਤਾਂ ਕੈਬਿਨਟ ਦਾ ਮੈਂਬਰ ਹੋਣ ਦੇ ਨਾਤੇ ਇਸ ਸਮੇਂ ਇਸ ਮੁੱਦੇ ‘ਤੇ ਉਨ੍ਹਾਂ ਦਾ ਕੁਝ ਵੀ ਬੋਲਣਾ ਸਹੀ ਨਹੀਂ ਹੋਵੇਗਾ। ਸ਼ਾਹ ਨੇ ਕਿਹਾ ਕਿ ਵਿਰੋਧੀ ਸਿਰਫ਼ ਰੌਲਾ ਪਾਉਣਾ ਜਾਣਦੇ ਹਨ। ਜੇ ਉਨ੍ਹਾਂ ਕੋਲ ਗੜਬੜੀ ਦੇ ਸਬੂਤ ਹਨ ਤਾਂ ਉਨ੍ਹਾਂ ਨੂੰ ਕੋਰਟ ਜਾਣਾ ਚਾਹੀਦਾ ਸੀ।

                   Image

ਕੇਂਦਰ ਸਰਕਾਰ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਧਿਰ ਖਿਲਾਫ਼ ਕਰ ਰਹੀ ਹੈ, ਇਨ੍ਹਾਂ ਦੋਸ਼ਾਂ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਅਦਾਲਤ ਕਿਉਂ ਨਹੀਂ ਜਾਂਦੇ? ਜਦੋਂ ਪੈਗਾਸਸ ਦਾ ਮੁੱਦਾ ਚੁੱਕਿਆ ਗਿਆ ਸੀ ਤਾਂ ਮੈਂ ਕਿਹਾ ਸੀ ਕਿ ਸਬੂਤ ਦੇ ਨਾਲ ਅਦਾਲਤ ਜਾਓ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ । ਉਹ 2002 ਤੋਂ ਪੀਐੱਮ ਮੋਦੀ ਦੇ ਪਿੱਛੇ ਹਨ । ਹਜ਼ਾਰਾਂ ਸਾਜ਼ਿਸ਼ਾਂ ਦੇ ਬਾਵਜੂਦ ਸੱਚ ਸਾਹਮਣੇ ਆਉਂਦਾ ਹੈ । ਹਰ ਵਾਰ ਮੋਦੀ ਜੀ ਮਜ਼ਬੂਤ ਅਤੇ ਵਧੇਰੇ ਪ੍ਰਸਿੱਧ ਹੋ ਕੇ ਉੱਭਰਦੇ ਹਨ ।

ਮੇਰਾ ਮੰਨਣਾ ਹੈ ਕਿ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਕੋਈ ਮੁਕਾਬਲਾ ਨਹੀਂ ਹੈ । PM ਮੋਦੀ ਨੂੰ ਜਨਤਾ ਦਾ ਪੂਰਾ ਸਮਰਥਨ ਮਿਲਿਆ ਹੈ । ਦੇਸ਼ ਮੋਦੀ ਨਾਲ ਇਕਪਾਸੜ ਢੰਗ ਨਾਲ ਅੱਗੇ ਵਧ ਰਿਹਾ ਹੈ । ਇਹ ਫੈਸਲਾ ਦੇਸ਼ ਦੀ ਜਨਤਾ ਨੇ ਲੈਣਾ ਹੈ, ਹੁਣ ਤੱਕ ਜਨਤਾ ਨੇ ਲੋਕ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਦਾ ਲੇਬਲ ਕਿਸੇ ਨੂੰ ਨਹੀਂ ਦਿੱਤਾ ਹੈ।

ਦੱਸ ਦੇਈਏ ਕਿ 25 ਜਨਵਰੀ ਨੂੰ ਅਡਾਨੀ ਗਰੁੱਪ ਦੀ ਕੰਪਨੀਆਂ ਬਾਰੇ ਅਮਰੀਕਾ ਦੀ ‘ਹਿੰਡਨਬਰਗ’ ਕੰਪਨੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ। ਜਿਸ ਵਿੱਚ ਦੱਸਿਆ ਸੀ ਕਿ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਆਦਮੀ ਕਿਸ ਤਰ੍ਹਾਂ ਕਾਰਪੋਰੇਟ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਕਰ ਰਿਹਾ ਹੈ। ਇਸ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਅਡਾਨੀ ਗਰੁੱਪ ਨੇ ਸ਼ੇਅਰ ਮਾਰਕਿਟ ਵਿੱਚ ਹੇਰਾਫੇਰੀ ਕਰ ਕੇ ਆਪਣੇ ਸ਼ੇਅਰਾਂ ਦੀ ਕੀਮਤ ਵਧਾਈ ਹੈ।