ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਡੀਓ ਵਾਇਰਲ,ਲਾਏ ਵੱਡੇ ਇਲਜ਼ਾਮ

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਕਥਿਤ ਆਡੀਓ ਵਾਇਰਲ,ਲਾਏ ਵੱਡੇ ਇਲਜ਼ਾਮ

ਆਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ’ਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਸ ਵਿਚ ਉਸ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਮਰੇ ਅਤੇ ਬਾਥਰੂਮ ’ਚ ਗੁਪਤ ਕੈਮਰੇ ਲਗਾਏ ਗਏ ਹਨ। ਇਹ ਕੈਮਰੇ ਬਲਬ ਹੋਲਡਰ ’ਚ ਲਗਾਏ ਗਏ ਹਨ। ਇਸ ਬਾਰੇ ਉਨ੍ਹਾਂ ਨੇ ਇਥੋਂ ਦੇ ਲੋਕਲ ਡੀ. ਐੱਮ. ਨੂੰ ਬੁਲਾ ਕੇ ਇਸ ਘਟਨਾ ਬਾਰੇ ਜਾਣੂ ਕਰਵਾਇਆ ਹੈ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ’ਤੇ ਮੋਬਾਈਲ ਮਿਲਣ ਦਾ ਝੂਠਾ ਪਰਚਾ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਨੂੰ ਖਾਣੇ ’ਚ ਵੀ ਕੁੱਝ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕਦੇ ਵੀ ਮੌਤ ਤੋਂ ਨਹੀਂ ਡਰਦੇ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ 4 ਦਿਨਾਂ ਤੋਂ ਜੇਲ੍ਹ ’ਚ 4-5 ਸਿੰਘਾਂ ਨੇ ਅੰਨ-ਜਲ ਛੱਡਿਆ ਹੋਇਆ ਹੈ। ਜੇਕਰ ਕਿਸੇ ਸਿੰਘ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਦੇਹ ਨੂੰ ਪੰਜਾਬ ਲਿਆ ਕੇ ਉਸ ਦਾ ਸਸਕਾਰ ਕੀਤਾ ਜਾਵੇ। 

ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਸੈੱਲ ਵਿਚ ਇਲੈਕਟ੍ਰੀਸ਼ਨ ਦੇ ਰੂਪ ਵਿਚ ਬੰਦੇ ਭੇਜ ਕੇ ਬਲਬ ਵਿਚ ਗੁਪਤ ਕੈਮਰੇ ਲਗਾਏ ਗਏ। ਅੰਮ੍ਰਿਤਪਾਲ ਨੇ ਕਿਹਾ ਕਿ ਉਸ ਨੇ ਤੇ ਹੋਰ ਸਿੰਘਾਂ ਨੇ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜੋ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਹੈ, ਉਸ ਨੇ ਕਿਹਾ ਕਿ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਾਂ ਤਾਂ ਹੁਣ ਉਸ ਨੂੰ ਤੇ ਹੋਰ ਸਿੰਘਾਂ ਨੂੰ ਹੁਣ ਪੰਜਾਬ ਲਿਗਾਇਆ ਜਾਵੇਗਾ ਜਾਂ ਫਿਰ ਸਾਡੀਆਂ ਲਾਸ਼ਾਂ ਹੀ ਹੁਣ ਪੰਜਾਬ ਜਾਣਗੀਆਂ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਉਸ ਦੇ ਜੇਲ੍ਹ ਵਿਚੋਂ ਕੋਈ ਇਤਰਾਜ਼ਯੋਗ ਸਮਾਨ ਬਰਾਮਦ ਨਹੀਂ ਹੋਇਆ ਹੈ, ਪੁਲਸ ਨੇ ਉਸ ਨੂੰ ਫਸਾਉਣ ਲਈ ਇਹ ਸਭ ਕੁੱਝ ਕੀਤਾ ਹੈ।  

ਬੈਰਕ ’ਚੋਂ ਬੀਤੇ ਦਿਨੀਂ ਮਿਲਿਆ ਸੀ ਇਤਰਾਜ਼ਯੋਗ ਸਮਾਨ
ਇਸ ਤੋਂ ਪਹਿਲਾਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੁਰੱਖਿਆ ਦੀ ਵੱਡੀ ਉਲੰਘਣਾ ਹੋਣ ਦੀ ਸੂਚਨਾ ਮਿਲੀ ਸੀ । ਦਰਅਸਲ ਪੁਲਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਬੈਰਕ ’ਚੋਂ ਸ਼ਨੀਵਾਰ ਇਕ ਜਾਸੂਸੀ ਕੈਮਰਾ, ਇਕ ਸਮਾਰਟ ਫ਼ੋਨ, ਇਕ ਕੀ-ਪੈਡ ਫ਼ੋਨ, ਪੈੱਨ ਡਰਾਈਵ, ਬਲਿਊਟੁੱਥ ਹੈੱਡਫ਼ੋਨ, ਸਪੀਕਰ, ਇਕ ਸਮਾਰਟ-ਵਾਚ ਅਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ ਸਨ। ਇਸ ਸਬੰਧੀ ‘ਐਕਸ’ ’ਤੇ ਜਾਣਕਾਰੀ ਦਿੰਦੇ ਹੋਏ ਆਸਾਮ ਪੁਲਸ ਦੇ ਅਧਿਕਾਰੀ ਜੀ. ਪੀ. ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਐੱਨ. ਐੱਸ. ਏ. ਅਧੀਨ ਨਜ਼ਰਬੰਦ ਕੈਦੀਆਂ ਦੇ ਸੈੱਲਾਂ ’ਚ ਹੋਣ ਵਾਲੀਆਂ ਗੈਰ- ਕਾਨੂਨੀ ਸਰਗਰਮੀਆਂ ਦੀ ਸੂਚਨਾ ਮਿਲਣ ’ਤੇ ਉੱਥੇ ਵਾਧੂ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ। ਗੈਰ-ਕਾਨੂਨੀ ਸਰਗਰਮੀਆਂ ਦੀ ਪੁਸ਼ਟੀ ਹੋਣ ’ਤੇ ਜੇਲ੍ਹ ਸਟਾਫ ਨੇ ਸ਼ਨੀਵਾਰ ਸਵੇਰੇ ਐੱਨ. ਐੱਸ. ਏ. ਸੈੱਲ ਦੇ ਕੰਪਲੈਕਸ ਦੀ ਤਲਾਸ਼ੀ ਲਈ ਸੀ । ਇਸ ਦੌਰਾਨ ਸਿਮ ਵਾਲਾ ਇਕ ਸਮਾਰਟ ਫੋਨ, ਇਕ ਕੀ-ਪੈਡ ਫੋਨ, ਕੀ-ਬੋਰਡ ਵਾਲਾ ਟੀ.ਵੀ. ਰਿਮੋਟ, ਜਾਸੂਸੀ-ਕੈਮ ਪੈੱਨ, ਪੈਨ ਡਰਾਈਵ, ਬਲਿਊਟੁੱਥ ਹੈੱਡਫੋਨ, ਸਪੀਕਰ ਅਤੇ ਇਕ ਸਮਾਰਟ ਘੜੀ ਨੂੰ ਜੇਲ੍ਹ ਸਟਾਫ਼ ਨੇ ਜ਼ਬਤ ਕਰ ਲਿਆ ਸੀ। ਇਨ੍ਹਾਂ ਅਣਅਧਿਕਾਰਤ ਵਸਤੂਆਂ ਨੂੰ ਇੱਥੇ ਪਹੁੰਚਾਉਣ ਵਾਲੇ ਸੋਮਿਆਂ ਅਤੇ ਢੰਗ ਦਾ ਪਤਾ ਲਾਇਆ ਜਾ ਰਿਹਾ ਹੈ।