ਲੋਕ ਸਭਾ ਚੋਣਾਂ 2024: ‘ਸਟੇਟ ਆਈਕੋਨ’ ਬਣੇ ਸ਼ੁਭਮਨ ਗਿੱਲ, ਤਰਸੇਮ ਜੱਸੜ ਕਰਨਗੇ ਵੋਟਾਂ ਦਾ ਪ੍ਰਚਾਰ

ਲੋਕ ਸਭਾ ਚੋਣਾਂ 2024: ‘ਸਟੇਟ ਆਈਕੋਨ’ ਬਣੇ ਸ਼ੁਭਮਨ ਗਿੱਲ, ਤਰਸੇਮ ਜੱਸੜ ਕਰਨਗੇ ਵੋਟਾਂ ਦਾ ਪ੍ਰਚਾਰ

ਜਲਦ ਹੀ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸੇ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ‘ਸਟੇਟ ਆਈਕਨ’ ਵਜੋਂ ਨਾਮਜ਼ਦ ਕੀਤਾ ਹੈ। ਇਸ ਸਬੰਧੀ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਸ਼ੁਭਮਨ ਗਿੱਲ, ਜੋ ਕਿ ਕ੍ਰਿਕਟ ਪ੍ਰੇਮੀਆਂ ਖਾਸ ਕਰਕੇ ਨੌਜਵਾਨਾਂ ਵਿੱਚ ਹਰਮਨਪਿਆਰੇ ਹਨ, ਨੂੰ ‘ਸਟੇਟ ਆਈਕਨ’ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਆਉਣ ਵਾਲੀਆਂ 2024 ਲੋਕ ਸਭਾ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਨ ਵਿੱਚ ਮਦਦ ਕਰਨਗੇ।

ਉਨ੍ਹਾਂ ਦੱਸਿਆ ਕਿ ਸ਼ੁਭਮਨ ਗਿੱਲ ਵੋਟਰ ਜਾਗਰੂਕਤਾ ਦੇ ਉਦੇਸ਼ ਨਾਲ ਵੱਖ-ਵੱਖ ਮੁਹਿੰਮਾਂ ਵਿੱਚ ਸ਼ਾਮਲ ਹੋਣਗੇ ਤਾਂ ਜੋ “ਇਸ ਵਾਰ 70 ਪਾਰ” ਦੇ ਟੀਚੇ ਦੀ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾ ਸਕੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਤਰਸੇਮ ਜੱਸੜ ਵੀ ‘ਸਟੇਟ ਆਈਕਨ’ ਬਣ ਚੁੱਕੇ ਹਨ। ਸਿਬਿਨ ਸੀ ਨੇ ਅੱਗੇ ਦੱਸਿਆ ਕਿ ਪਿਛਲੇ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਅਜਿਹੇ ਖੇਤਰਾਂ ਦੀ ਸ਼ਨਾਖਤ ਕਰਨ ਲਈ ਕਿਹਾ ਗਿਆ ਸੀ ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਘੱਟ ਸੀ। ਉਨ੍ਹਾਂ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਵੱਲੋਂ ਕੀਤੀਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਅਤੇ ਅਪੀਲਾਂ ਵੋਟਰਾਂ ਨੂੰ ਪ੍ਰੇਰਿਤ ਕਰਨਗੀਆਂ, ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।

ਮੁੱਖ ਚੋਣ ਅਫ਼ਸਰ ਨੇ ਉਮੀਦ ਪ੍ਰਗਟਾਈ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਤੋਂ ਪ੍ਰਭਾਵਿਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਉੱਥੇ ਹੀ ਹੋਰਨਾਂ ਉਮਰ ਵਰਗ ਦੇ ਲੋਕਾਂ ਨੂੰ ਵੀ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।