- Updated: August 04, 2026 12:39 PM
ਪੰਜਾਬ ਪੁਲਿਸ ਵੱਲੋਂ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਦੀ ਸ਼ਾਂਤੀ, ਸੁਰੱਖਿਆ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸੇ ਲੜੀ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ISI-ਸਮਰਥਿਤ ਸਰਹੱਦ ਪਾਰ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ISI-ਸਮਰਥਿਤ ਸਰਹੱਦ ਪਾਰ ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ ਚਾਰ ਨਾਬਾਲਗਾਂ ਸਮੇਤ ਨੌਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 3 ਗੈਰ-ਕਾਨੂੰਨੀ ਪਿਸਤੌਲ, 4 ਪੈਟਰੋਲ ਬੋਤਲ ਬੰਬ ਅਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਸ਼ੀ ਵਿਦੇਸ਼ੀ-ਅਧਾਰਤ ISI ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ, ਜੋ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਕਰਨ, ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਨ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਾਂਚ ਵਿੱਚ ਰੇਲਵੇ ਪਟੜੀਆਂ ਦੇ ਨੇੜੇ ਨਿਗਰਾਨੀ ਕੈਮਰੇ ਲਗਾਉਣ ਦਾ ਵੀ ਖੁਲਾਸਾ ਹੋਇਆ ਹੈ, ਜਿਸਦੀ ਫੁਟੇਜ ਕਥਿਤ ਤੌਰ ‘ਤੇ ਵਿਦੇਸ਼ੀ ਹੈਂਡਲਰਾਂ ਨਾਲ ਸਾਂਝੀ ਕੀਤੀ ਗਈ ਹੈ।
ਪੁਲਿਸ ਸਟੇਸ਼ਨ ਮੋਹਕਮਪੁਰਾ, ਹਵਾਈ ਅੱਡਾ ਅਤੇ ਸੀ-ਡਿਵੀਜ਼ਨ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ISI-ਸਮਰਥਿਤ ਨੈੱਟਵਰਕ ਦੇ ਬਾਕੀ ਮੈਂਬਰਾਂ ਦੀ ਪਛਾਣ ਕਰਨ, ਇਸਦੇ ਅਗਲੇ ਅਤੇ ਪਿਛਲੇ ਸਬੰਧ ਸਥਾਪਤ ਕਰਨ, ਵਿੱਤੀ ਟ੍ਰੇਲ ਦਾ ਪਤਾ ਲਗਾਉਣ ਅਤੇ ਹੋਰ ਅੱਤਵਾਦੀ ਗਤੀਵਿਧੀਆਂ ਵਿੱਚ ਕਿਸੇ ਵੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।