ਮਿਆਂਮਾਰ ਇਕ ਵਾਰ ਫ਼ਿਰ ਤੋਂ ਭੂਚਾਲ ਨਾਲ ਕੰਬ ਗਿਆ , ਹੁਣ ਤੱਕ 1,000 ਤੋਂ ਵੱਧ ਲੋਕਾਂ ਨੇ ਗੁਆਈ ਜਾਨ

ਮਿਆਂਮਾਰ ਇਕ ਵਾਰ ਫ਼ਿਰ ਤੋਂ ਭੂਚਾਲ ਨਾਲ ਕੰਬ ਗਿਆ , ਹੁਣ ਤੱਕ 1,000 ਤੋਂ ਵੱਧ ਲੋਕਾਂ ਨੇ ਗੁਆਈ ਜਾਨ

ਬੀਤੇ ਦਿਨ ਸ਼ੁੱਕਰਵਾਰ ਨੂੰ ਮਿਆਂਮਾਰ ਤੇ ਥਾਈਲੈਂਡ 'ਚ ਆਏ 7.2 ਤੀਬਰਤਾ ਦੇ ਭੂਚਾਲ ਨੇ ਦੋਵਾਂ ਦੇਸ਼ਾਂ 'ਚ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਤੋਂ ਬਾਅਦ ਅੱਜ ਇਕ ਵਾਰ ਫ਼ਿਰ ਤੋਂ ਮਿਆਂਮਾਰ 'ਚ 5.1 ਤੀਬਰਤਾ ਦਾ ਭੂਚਾਲ ਆਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ। 

                          Image

ਇਹ ਭੂਚਾਲ ਮਿਆਂਮਾਰ ਦੀ ਰਾਜਧਾਨੀ ਨੇਪੀਤਾਵ ਦੇ ਨੇੜੇ ਦੁਪਹਿਰ 2.50 ਵਜੇ ਦੇ ਕਰੀਬ ਆਇਆ, ਜਿਸ ਕਾਰਨ ਇਕ ਵਾਰ ਫ਼ਿਰ ਤੋਂ ਧਰਤੀ ਕੰਬ ਗਈ ਤੇ ਲੋਕ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨ ਵੱਲ ਭੱਜੇ। ਇਸ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਸ਼ੁੱਕਰਵਾਰ ਤੋਂ ਹੁਣ ਤੱਕ ਮਿਆਂਮਾਰ 'ਚ 2.8 ਤੋਂ 7.5 ਤੀਬਰਤਾ ਦੇ ਭੂਚਾਲ ਦੇ 12 ਝਟਕੇ ਲੱਗ ਚੁੱਕੇ ਹਨ, ਜਿਸ ਕਾਰਨ ਦੋਵੇਂ ਦੇਸ਼ ਕੁਦਰਤੀ ਕ੍ਰੋਪੀ ਦਾ ਤਾਪ ਝੱਲ ਰਹੇ ਹਨ।

                           Image

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਆਏ 7.2 ਤੇ 7.0 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਕਾਰਨ ਮਿਆਂਮਾਰ ਤੇ ਥਾਈਲੈਡ 'ਚ ਤਬਾਹੀ ਮਚ ਗਈ ਹੈ। ਵੱਡੀਆਂ-ਵੱਡੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਤੇ ਕਿੰਨੇ ਹੀ ਲੋਕ ਮਲਬੇ ਹੇਠ ਦੱਬ ਗਏ। ਭੂਚਾਲ ਕਾਰਨ ਹੁਣ ਤੱਕ 1000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਦੇਸ਼ 'ਚ ਹਰ ਪਾਸੇ ਮਾਤਮ ਪਸਰਿਆ ਹੋਇਆ ਹੈ। ਇਸ ਦੌਰਾਨ ਮਿਆਂਮਾਰ ਸਰਕਾਰ ਨੇ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ।

                           Image

ਦੋਵਾਂ ਦੇਸ਼ਾਂ ਦੀ ਹਾਲਤ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਉਨ੍ਹਾਂ ਲਈ ਮਦਦ ਦਾ ਹੱਥ ਵਧਾਇਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ ਭਾਰਤ ਇਨ੍ਹਾਂ ਦੋਵਾਂ ਦੇਸ਼ਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਇਸ ਦੌਰਾਨ ਭਾਰਤ ਨੇ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਵੀ ਭੇਜ ਦਿੱਤੀ ਹੈ।