ਸਿਡਨੀ ਦੇ ਗਿਰਜਾਘਰ ’ਚ ਲੋਕਾਂ ਨੂੰ ਸੰਬੋਧਨ ਦੌਰਾਨ ਪਾਦਰੀ ’ਤੇ ਹੋਇਆ ਹਮਲਾ

ਸਿਡਨੀ ਦੇ ਗਿਰਜਾਘਰ ’ਚ ਲੋਕਾਂ ਨੂੰ ਸੰਬੋਧਨ ਦੌਰਾਨ ਪਾਦਰੀ ’ਤੇ ਹੋਇਆ ਹਮਲਾ

ਆਸਟ੍ਰੇਲੀਆ ਦੀ ਪੁਲਿਸ ਨੇ ਸਿਡਨੀ ਦੇ ਇਕ ਚਰਚ ’ਚ ਤਿੰਨ ਸ਼ਰਧਾਲੂਆਂ ਅਤੇ ਇਕ ਬਿਸ਼ਪ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਸਿਆ ਕਿ ਬਿਸ਼ਪ ਸਮੇਤ ਚਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਕੋਈ ਜਾਨਲੇਵਾ ਸੱਟ ਨਹੀਂ ਲੱਗੀ ਹੈ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ ਜਦੋਂ ਇਕ ‘ਚਰਚ ਸੇਵਾ’ ਪ੍ਰਸਾਰਿਤ ਕੀਤੀ ਜਾ ਰਹੀ ਸੀ। ਆਰਥੋਡਾਕਸ ਅਸੀਰੀਅਨ ਚਰਚ ਇਸ ਸੇਵਾ ਨੂੰ ਆਨਲਾਈਨ ਪ੍ਰਸਾਰਿਤ ਕਰਦਾ ਹੈ। 

ਸੋਸ਼ਲ ਮੀਡੀਆ ’ਤੇ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ’ਚ ਕਾਲੇ ਕਪੜੇ ਪਹਿਨੇ ਇਕ ਵਿਅਕਤੀ ਉਪਨਗਰ ਵੇਕਲੇ ’ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ’ ਦੇ ਬਿਸ਼ਪ ਕੋਲ ਆ ਰਿਹਾ ਹੈ ਅਤੇ ਉਸ ਦੇ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ’ਤੇ ਕਈ ਵਾਰ ਚਾਕੂ ਮਾਰ ਰਿਹਾ ਹੈ।

ਵੀਡੀਉ ’ਚ ਇਕੱਠੇ ਹੋਏ ਸ਼ਰਧਾਲੂ (ਮੰਡਲੀ ਦੇ ਮੈਂਬਰ) ਚੀਕਾਂ ਮਾਰਦੇ ਹੋਏ ਬਿਸ਼ਪ ਦੀ ਮਦਦ ਲਈ ਭੱਜਦੇ ਨਜ਼ਰ ਆ ਰਹੇ ਹਨ। ਚਰਚ ਦੀ ਵੈੱਬਸਾਈਟ ਨੇ ਬਿਸ਼ਪ ਦੀ ਪਛਾਣ ਮਾਰੀ ਇਮੈਨੁਅਲ ਵਜੋਂ ਕੀਤੀ ਹੈ। ਨਿਊ ਸਾਊਥ ਵੇਲਜ਼ ਐਂਬੂਲੈਂਸ ਸਰਵਿਸ ਨੇ ਕਿਹਾ ਕਿ ਉਸ ਨੇ 50 ਸਾਲ ਤੋਂ ਵੱਧ ਉਮਰ ਦੇ ਇਕ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿਤੀ ਹੈ ਜਿਸ ਨੂੰ ਕਈ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਤਿੰਨ ਹੋਰ ਜ਼ਖਮੀ ਲੋਕਾਂ ਨੂੰ ਇਕ ਜਾਂ ਵਧੇਰੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ। 

ਪੁਲਿਸ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ ਅਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਬਿਸ਼ਪ ਪਿਛਲੇ ਸਾਲ ਸੁਰਖੀਆਂ ’ਚ ਆਏ ਸਨ। ਆਸਟਰੇਲੀਆਈ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਮਈ 2023 ’ਚ ‘ਐਲ.ਜੀ.ਬੀ.ਟੀ.ਕਿਊ. ਪਲੱਸ’ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਮੁਹਿੰਮ ਬਾਰੇ ਇਕ ਵੀਡੀਉ ਪੋਸਟ ਕੀਤਾ ਸੀ। ਵੀਡੀਉ ਵਿਚ ਬਿਸ਼ਪ ਨੂੰ ਇਕ ਉਪਦੇਸ਼ ਵਿਚ ਕਹਿੰਦੇ ਹੋਏ ਵਿਖਾਇਆ ਗਿਆ ਹੈ ਕਿ ‘ਜਦੋਂ ਕੋਈ ਆਦਮੀ ਅਪਣੇ ਆਪ ਨੂੰ ਔਰਤ ਕਹਿੰਦਾ ਹੈ, ਤਾਂ ਉਹ ਨਾ ਤਾਂ ਆਦਮੀ ਹੁੰਦਾ ਹੈ ਅਤੇ ਨਾ ਹੀ ਔਰਤ, ਕਿਉਂਕਿ ਤੁਸੀਂ ਹੁਣ ਕੁੱਝ ਹੋਰ ਹੋ, ਮੈਂ ਤੁਹਾਨੂੰ ਇਕ ਇਨਸਾਨ ਵਜੋਂ ਸੰਬੋਧਿਤ ਨਹੀਂ ਕਰਾਂਗਾ, ਕਿਉਂਕਿ ਇਹ ਮੇਰੀ ਚੋਣ ਨਹੀਂ ਹੈ, ਇਹ ਤੁਹਾਡੀ ਚੋਣ ਹੈ।’