ਅਰਵਿੰਦ ਕੇਜਰੀਵਾਲ ਨਾਲ ਸੁਨੀਤਾ ਕੇਜਰੀਵਾਲ ਤੇ ਮੰਤਰੀ ਆਤਿਸ਼ੀ ਨੇ ਤਿਹਾੜ ਜੇਲ੍ਹ ''ਚ ਕੀਤੀ ਮੁਲਾਕਾਤ

ਅਰਵਿੰਦ ਕੇਜਰੀਵਾਲ ਨਾਲ ਸੁਨੀਤਾ ਕੇਜਰੀਵਾਲ ਤੇ ਮੰਤਰੀ ਆਤਿਸ਼ੀ ਨੇ ਤਿਹਾੜ ਜੇਲ੍ਹ ''ਚ ਕੀਤੀ ਮੁਲਾਕਾਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਮਾਰਲੇਨਾ ਨੇ ਕੇਜਰੀਵਾਲ ਨਾਲ ਸੋਮਵਾਰ ਨੂੰ ਤਿਹਾੜ ਜੇਲ 'ਚ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਮੁਤਾਬਕ ਸੁਨੀਤਾ ਕੇਜਰੀਵਾਲ ਨੂੰ ਸੋਮਵਾਰ ਨੂੰ ਆਪਣੇ ਪਤੀ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ।

ਪਾਰਟੀ ਨੇ ਦਾਅਵਾ ਕੀਤਾ ਕਿ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜੇਲ੍ਹ 'ਚ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਆਤਿਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਮੁੱਖ ਮੰਤਰੀ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਗੱਲ ਕਰਨ ਦੀ ਬਜਾਏ ਪੁੱਛਿਆ ਕਿ ਕੀ ਸਕੂਲੀ ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਹਨ ਅਤੇ ਕੀ ਦਵਾਈਆਂ ਮੁਹੱਲਾ ਕਲੀਨਿਕਾਂ 'ਚ ਪਹੁੰਚ ਰਹੀਆਂ ਹਨ?

ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਦਾ ਹਾਲ-ਚਾਲ ਪੁੱਛਿਆ। ਮੈਂ ਦਿੱਲੀ ਦੇ ਸੀਐਮ ਕੇਜਰੀਵਾਲ ਨੂੰ ਮਿਲ ਕੇ ਆਈ ਹਾਂ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਜਾਂ ਨਹੀਂ, ਤਾਂ ਉਨ੍ਹਾਂ ਕਿਹਾ, ਮੇਰੀ ਛੱਡੋ, ਦਿੱਲੀ ਦੇ ਲੋਕਾਂ ਬਾਰੇ ਦੱਸੋ, ਬੱਚਿਆਂ ਨੂੰ ਕਿਤਾਬਾਂ ਮਿਲ ਰਹੀਆਂ ਹਨ ਜਾਂ ਨਹੀਂ, ਮੁਹੱਲਾ ਕਲੀਨਿਕ ਕਿਵੇਂ ਹਨ?  

ਉਨ੍ਹਾਂ ਪੁੱਛਿਆ ਕਿ ਕੀ ਦਵਾਈਆਂ ਉਪਲਬਧ ਹਨ ਜਾਂ ਨਹੀਂ। ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਦੀ ਬਹੁਤ ਚਿੰਤਾ ਹੈ। ਉਨ੍ਹਾਂ ਨੇ ਔਰਤਾਂ ਲਈ ਸੰਦੇਸ਼ ਵੀ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਦਿੱਲੀ ਦੀਆਂ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਦਾ ਐਲਾਨ ਕਰਨਗੇ। ਆਤਿਸ਼ੀ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ। ਗਰਮੀਆਂ ਆ ਰਹੀਆਂ ਹਨ, ਦਿੱਲੀ ਦੇ ਲੋਕਾਂ ਨੂੰ ਪਾਣੀ ਮਿਲਦਾ ਰਹੇ। 

ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਆਤਿਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਤੋਂ ਇੰਨੀ ਪਰੇਸ਼ਾਨੀ ਹੈ ਕਿ ਉਹ ਹਰ ਰੋਜ਼ ਨਵੇਂ ਕਾਨੂੰਨ ਬਣਾ ਦਿੰਦੀ ਹੈ। ਆਤਿਸ਼ੀ ਨੇ ਇਹ ਸਵਾਲ ਵੀ ਉਠਾਇਆ ਕਿ ਸੁਨੀਤਾ ਕੇਜਰੀਵਾਲ ਨੂੰ ਸ਼ੁਰੂ ਵਿਚ ਮਿਲਣ ਤੋਂ ਕਿਉਂ ਇਨਕਾਰ ਕਰ ਦਿੱਤਾ ਗਿਆ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਉਨ੍ਹਾਂ ਕਿਹਾ, "ਸ਼ੁਰੂਆਤ ਵਿਚ ਸਿਆਸੀ ਕੈਦੀਆਂ ਨਾਲ ਸਤਿਕਾਰ ਨਾਲ ਪੇਸ਼ ਆਇਆ ਜਾਂਦਾ ਸੀ।"

 'ਆਪ' ਨੇ ਐਤਵਾਰ ਨੂੰ ਕਿਹਾ ਸੀ ਕਿ ਜੇਲ੍ਹ ਅਧਿਕਾਰੀਆਂ ਨੇ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਤਿਹਾੜ ਦੇ ਅਧਿਕਾਰੀਆਂ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।