''ਆਪ'' ਸਰਕਾਰ ਨੇ ਦਿੱਲੀ ਵਿਧਾਨ ਸਭਾ ''ਚ ਜਿੱਤਿਆ ਭਰੋਸੇ ਦਾ ਮਤਾ; ਕੇਜਰੀਵਾਲ ਬੋਲੇ, ‘ਦੇਸ਼ ਨੂੰ ਕਰਾਂਗੇ ਭਾਜਪਾ ਮੁਕਤ’

''ਆਪ'' ਸਰਕਾਰ ਨੇ ਦਿੱਲੀ ਵਿਧਾਨ ਸਭਾ ''ਚ ਜਿੱਤਿਆ ਭਰੋਸੇ ਦਾ ਮਤਾ; ਕੇਜਰੀਵਾਲ ਬੋਲੇ, ‘ਦੇਸ਼ ਨੂੰ ਕਰਾਂਗੇ ਭਾਜਪਾ ਮੁਕਤ’

ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਲਿਆਂਦੇ ਗਏ ਭਰੋਸੇ ਦੇ ਮਤੇ ਨੂੰ ਸ਼ਨਿਚਰਵਾਰ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿਤਾ ਗਿਆ। ਭਰੋਸੇ ਦੇ ਮਤੇ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ 62 ਵਿਚੋਂ 54 ਵਿਧਾਇਕ ਸਦਨ ​​ਵਿਚ ਮੌਜੂਦ ਸਨ। ਸਦਨ ਵਿਚ ਭਰੋਸੇ ਦੇ ਮਤੇ 'ਤੇ ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਈ ਆਮ ਆਦਮੀ ਪਾਰਟੀ ਸੱਭ ਤੋਂ ਵੱਡੀ ਚੁਣੌਤੀ ਹੈ ਅਤੇ ਇਸੇ ਲਈ ਇਸ 'ਤੇ ਹਰ ਪਾਸਿਉਂ ਹਮਲੇ ਹੋ ਰਹੇ ਹਨ।

ਉਨ੍ਹਾਂ ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ 'ਆਪ' ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਵੀ ‘ਆਪ’ 2029 ਦੀਆਂ ਚੋਣਾਂ ਵਿਚ ਦੇਸ਼ ਨੂੰ ਇਸ ਤੋਂ ‘ਆਜ਼ਾਦ’ ਕਰਵਾ ਦੇਵੇਗੀ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਸਦਨ ਵਿਚ ਬਹੁਮਤ ਹੈ ਪਰ ਇਸ ਨੂੰ ਭਰੋਸੇ ਦਾ ਮਤਾ ਲਿਆਉਣ ਦੀ ਲੋੜ ਹੈ ਕਿਉਂਕਿ ਭਾਜਪਾ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਭਰੋਸੇ ਦੇ ਮਤੇ 'ਤੇ ਵੋਟਿੰਗ ਦੌਰਾਨ 'ਆਪ' ਦੇ 62 'ਚੋਂ ਸਿਰਫ 54 ਵਿਧਾਇਕ ਮੌਜੂਦ ਸਨ ਤਾਂ ਕੇਜਰੀਵਾਲ ਨੇ ਕਿਹਾ ਕਿ 'ਆਪ' ਦੇ ਕਿਸੇ ਵੀ ਵਿਧਾਇਕ ਨੇ ਪਾਰਟੀ ਨਹੀਂ ਬਦਲੀ।

ਉਨ੍ਹਾਂ ਕਿਹਾ ਕਿ ਦੋ ਵਿਧਾਇਕ ਜੇਲ ਵਿਚ ਹਨ, ਕੁੱਝ ਬਿਮਾਰ ਹਨ ਅਤੇ ਕੁੱਝ ਸ਼ਹਿਰ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਕਈ ਵਿਧਾਇਕਾਂ ਨੇ ਦਸਿਆ ਕਿ ਕਿਵੇਂ ਕਥਿਤ ਤੌਰ 'ਤੇ "ਭਾਜਪਾ ਦੇ ਲੋਕਾਂ" ਦੁਆਰਾ ਉਨ੍ਹਾਂ ਤਕ ਪਹੁੰਚ ਕੀਤੀ ਗਈ ਅਤੇ ਪੱਖ ਬਦਲਣ ਲਈ ਪੈਸੇ ਦੀ ਪੇਸ਼ਕਸ਼ ਕੀਤੀ ਗਈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ 'ਆਪ' ਨੂੰ ਤਬਾਹ ਕਰ ਦੇਵੇਗੀ।

ਉਨ੍ਹਾਂ ਕਿਹਾ, ‘‘ਤੁਸੀਂ ਮੈਨੂੰ ਗ੍ਰਿਫ਼ਤਾਰ ਕਰ ਸਕਦੇ ਹੋ ਪਰ ਕੇਜਰੀਵਾਲ ਦੇ ਵਿਚਾਰਾਂ ਨੂੰ ਕਿਵੇਂ ਖ਼ਤਮ ਕਰੋਗੇ।’’ ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਸੇਵਾ ਵਿਭਾਗਾਂ ਅਤੇ ਨੌਕਰਸ਼ਾਹੀ ’ਤੇ ਅਪਣੇ ਕਬਜ਼ੇ ਰਾਹੀਂ ਉਨ੍ਹਾਂ ਦੀ ਸਰਕਾਰ ਦੇ ਕੰਮ ਵਿਚ ਅੜਿੱਕਾ ਪਾ ਰਹੀ ਹੈ। ਉਨ੍ਹਾਂ ਕਿਹਾ, ''ਉਹ ਰਾਮ ਭਗਤ ਹੋਣ ਦਾ ਦਾਅਵਾ ਕਰਦੇ ਹਨ ਪਰ ਉਨ੍ਹਾਂ ਨੇ ਸਾਡੇ ਹਸਪਤਾਲਾਂ 'ਚ ਗਰੀਬਾਂ ਲਈ ਦਵਾਈਆਂ ਬੰਦ ਕਰ ਦਿਤੀਆਂ ਹਨ। ਕੀ ਭਗਵਾਨ ਰਾਮ ਨੇ ਗਰੀਬਾਂ ਲਈ ਦਵਾਈਆਂ ਬੰਦ ਕਰਨ ਲਈ ਕਿਹਾ ਸੀ? ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ 'ਤੇ ਪਹਿਲਾਂ ਵੀ ਹਮਲੇ ਹੋਏ ਹਨ, ਉਨ੍ਹਾਂ ਦੇ ਥੱਪੜ ਮਾਰੇ ਗਏ, ਉਨ੍ਹਾਂ 'ਤੇ ਸਿਆਹੀ ਸੁੱਟੀ ਗਈ ਅਤੇ ਹੁਣ ਉਹ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ।