ਜਰਮਨੀ ’ਚ ਜੈਸ਼ੰਕਰ ਨੇ ਅਪਣੇ ਕੈਨੇਡੀਅਨ ਹਮਰੁਤਬਾ ਨਾਲ ਮੁਲਾਕਾਤ ਕੀਤੀ ਅਤੇ ਦੁਵਲੇ ਮੁੱਦਿਆਂ ’ਤੇ ਚਰਚਾ ਕੀਤੀ 

ਜਰਮਨੀ ’ਚ ਜੈਸ਼ੰਕਰ ਨੇ ਅਪਣੇ ਕੈਨੇਡੀਅਨ ਹਮਰੁਤਬਾ ਨਾਲ ਮੁਲਾਕਾਤ ਕੀਤੀ ਅਤੇ ਦੁਵਲੇ ਮੁੱਦਿਆਂ ’ਤੇ ਚਰਚਾ ਕੀਤੀ 

ਕੈਨੇਡਾ ’ਚ ਇਕ ਸਿੱਖ ਵੱਖਵਾਦੀ ਦੇ ਕਤਲ ਨੂੰ ਲੈ ਕੇ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਵਿਵਾਦ ਦੇ ਵਿਚਕਾਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਪਣੀ ਕੈਨੇਡੀਅਨ ਹਮਰੁਤਬਾ ਮੇਲਾਨੀ ਜੋਲੀ ਨਾਲ ਦੁਵਲੇ ਸਬੰਧਾਂ ਦੀ ਮੌਜੂਦਾ ਸਥਿਤੀ ਅਤੇ ਮੌਜੂਦਾ ਗਲੋਬਲ ਮੁੱਦਿਆਂ ’ਤੇ ਚਰਚਾ ਕੀਤੀ।ਦੋਹਾਂ ਨੇਤਾਵਾਂ ਨੇ ਸ਼ੁਕਰਵਾਰ ਨੂੰ ਜਰਮਨੀ ਵਿਚ ਮਿਊਨਿਖ ਸੁਰੱਖਿਆ ਕਾਨਫਰੰਸ ਦੌਰਾਨ ਮੁਲਾਕਾਤ ਕੀਤੀ। ਇਹ ਮੁਲਾਕਾਤ ਪਿਛਲੇ ਸਾਲ ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਤਣਾਅਪੂਰਨ ਦੁਵਲੇ ਸਬੰਧਾਂ ਦੇ ਵਿਚਕਾਰ ਹੋਈ ਹੈ।

ਜੈਸ਼ੰਕਰ ਨੇ ਟਵੀਟ ਕੀਤਾ, ‘‘ਮਿਊਨਿਖ ਸੁਰੱਖਿਆ ਕਾਨਫਰੰਸ 2024 ਦੇ ਮੌਕੇ ’ਤੇ ਅਪਣੀ ਕੈਨੇਡੀਅਨ ਹਮਰੁਤਬਾ ਮੇਲਾਨੀਆ ਜੋਲੀ ਨਾਲ ਮੁਲਾਕਾਤ ਕੀਤੀ। ਸਾਡੀ ਗੱਲਬਾਤ ਸਪੱਸ਼ਟ ਤੌਰ ’ਤੇ ਸਾਡੇ ਦੁਵਲੇ ਸਬੰਧਾਂ ਦੀ ਮੌਜੂਦਾ ਸਥਿਤੀ ’ਤੇ ਕੇਂਦਰਤ ਸੀ। ਆਲਮੀ ਹਾਲਾਤ ’ਤੇ ਵੀ ਲਾਭਦਾਇਕ ਵਿਚਾਰ-ਵਟਾਂਦਰੇ ਹੋਏ।’’ ਜੋਲੀ ਨੇ ਵੀ ਐਕਸ ’ਤੇ ਜੈਸ਼ੰਕਰ ਨਾਲ ਅਪਣੀ ਮੁਲਾਕਾਤ ਬਾਰੇ ਵੀ ਲਿਖਿਆ। ਉਨ੍ਹਾਂ ਲਿਖਿਆ, ‘‘ਜੈਸ਼ੰਕਰ ਅਤੇ ਮੈਂ ਮਿਊਨਿਖ ਸੁਰੱਖਿਆ ਸਿਖਰ ਸੰਮੇਲਨ 2024 ’ਚ ਕੈਨੇਡਾ-ਭਾਰਤ ਸਬੰਧਾਂ ਅਤੇ ਯੂਕਰੇਨ ’ਤੇ ਰੂਸ ਦੇ ਹਮਲੇ ਸਮੇਤ ਮੌਜੂਦਾ ਗਲੋਬਲ ਮੁੱਦਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ ਸੀ।’’

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਨਿੱਜਰ ਦੇ ਕਤਲ ਵਿਚ ਭਾਰਤੀ ਏਜੰਟਾਂ ਦੀ ਸੰਭਾਵਤ ਸ਼ਮੂਲੀਅਤ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਵਿਗੜ ਗਏ ਸਨ। ਭਾਰਤ ਨੇ 2020 ’ਚ ਨਿੱਜਰ ਨੂੰ ਅਤਿਵਾਦੀ ਐਲਾਨ ਗਿਆ ਸੀ। ਭਾਰਤ ਨੇ ਕੈਨੇਡੀਅਨ ਸਰਕਾਰ ਦੇ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿਤਾ ਸੀ।