- Updated: April 09, 2024 01:30 PM
ਬੀਤੇ ਦਿਨੀਂ ਮਲੋਟ ਬਠਿੰਡਾ ਰੋਡ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਭੈਣ ਦੀ ਮੌਤ ਹੋ ਗਈ। ਹਾਦਸੇ 'ਚ ਮਿੱਟੀ ਵਾਲੇ ਟਿੱਪਰ ਨੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਰਕੇ ਮੋਟਰਸਾਈਕਲ ਸਵਾਰ ਭੈਣ ਦੀ ਜਾਨ ਚਲੀ ਗਈ ਜਦ ਕਿ ਭਰਾ ਗੰਭੀਰ ਰੂਪ ਵਿਚ ਜ਼ਖਮੀ ਹੈ। ਜ਼ਖਮੀ ਨੂੰ ਇਲਾਜ ਲਈ ਮਲੋਟ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਸਬੰਧੀ ਬਲਵਿੰਦਰ ਸਿੰਘ ਵਾਸੀ ਸਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਬੇਟੀ ਨੇ ਪਲੱਸ ਟੂ ਪਾਸ ਕੀਤੀ ਸੀ ਅਤੇ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੀ ਸੀ। ਅੱਜ ਸਵੇਰੇ ਉਹ ਆਪਣੇ ਕੰਮ 'ਤੇ ਚਲੇ ਗਏ ਜਦ ਕਿ 9 ਵਜੇ ਦੇ ਕਰੀਬ ਉਸਦਾ ਪੁੱਤਰ ਸ਼ਮਿੰਦਰ ਸਿੰਘ ਆਪਣੀ ਭੈਣ ਅਲੀਸ਼ਾ ਨੂੰ ਲੈ ਕੇ ਗਿੱਦੜਬਾਹਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਲੀਸ਼ਾ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਸੀ, ਅਤੇ ਉਹ ਬਹੁਤ ਖੁਸ਼ ਸੀ ਅਤੇ ਵੀਜ਼ਾ ਲੈਣ ਲਈ ਜਾ ਰਹੇ ਸਨ। ਘਰ ਤੋਂ ਦੋ ਕਿਲੋਮੀਟਰ ਦੂਰ ਹੀ ਇਹ ਅਣਹੋਣੀ ਵਾਪਰ ਗਈ।
ਇਸ ਦੌਰਾਨ ਮਲੋਟ ਬਠਿੰਡਾ ਰੋਡ 'ਤੇ ਬਾਈਪਾਸ ਕੋਲ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਭੈਣ-ਭਰਾ ਜਖ਼ਮੀ ਹੋ ਗਏ। ਜਿਨ੍ਹਾਂ ਨੂੰ 112 ਨੰਬਰ 'ਤੇ ਫੋਨ ਕਰਕੇ ਗੱਡੀ ਨੇ ਮਲੋਟ ਹਸਪਤਾਲ ਪਹੁੰਚਾਇਆ। ਮਲੋਟ ਹਸਪਤਾਲ ਦੇ ਡਾ. ਅਮ੍ਰਿਤ ਨੇ ਦੱਸਿਆ ਕਿ 9.40 'ਤੇ ਇਕ ਲੜਕੇ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਲੜਕੀ ਦੀ ਮੌਤ ਹੋ ਗਈ ਸੀ ਜਦ ਕਿ ਲੜਕੇ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਲੜਕੇ ਦਾ ਇਲਾਜ ਮਲੋਟ ਵਿਖੇ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਸਿਟੀ ਮਲੋਟ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।