ਕਰਤਾਰਪੁਰ ਕੋਰੀਡੋਰ ‘ਚ ਨੌਕਰੀ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਕਰਤਾਰਪੁਰ ਕੋਰੀਡੋਰ ‘ਚ ਨੌਕਰੀ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਟਾਲਾ ਨੇੜੇ ਪਿੰਡ ਕਿਲਾ ਲਾਲ ਸਿੰਘ ਦੀ ਨਹਿਰ 'ਚ ਛਾਲ ਮਾਰ ਕੇ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਮ੍ਰਿਤਕ ਦੀ ਲਾਸ਼ ਦੇਰ ਸ਼ਾਮ ਸਿਵਲ ਹਸਪਤਾਲ ਪਹੁੰਚੀ। ਮ੍ਰਿਤਕ ਨੌਜਵਾਨ ਕੋਲੋਂ ਉਸ ਦਾ ਪਛਾਣ-ਪੱਤਰ ਮਿਲਿਆ ਹੈ, ਜਿਸ ਤੋਂ ਇਹ ਪਤਾ ਲੱਗਾ ਕਿ ਅਕਾਸ਼ਦੀਪ ਸਿੰਘ ਭਾਰਤ-ਪਾਕਿਸਤਾਨ ਸਰਹੱਦ 'ਤੇ ਕਰਤਾਰਪੁਰ ਕੋਰੀਡੋਰ 'ਤੇ ਲੈਂਡ ਪੋਰਟ ਅਥਾਰਟੀ 'ਚ ਹਾਊਸਕੀਪਿੰਗ ਦੀ ਨੌਕਰੀ 'ਤੇ ਤਾਇਨਾਤ ਸੀ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰ ਮੱਛੀਆਂ ਦਾ ਰਹਿਣ ਵਾਲਾ ਸੀ। ਦੇਰ ਰਾਤ ਅਕਾਸ਼ਦੀਪ ਦਾ ਪਰਿਵਾਰ ਬਟਾਲਾ ਹਸਪਤਾਲ ਪਹੁੰਚਿਆ, ਜਿਥੇ ਆਪਣੇ ਪੁੱਤ ਦੀ ਲਾਸ਼ ਦੇਖ ਮਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਸੀ।

ਮ੍ਰਿਤਕ ਦੇ ਰਿਸ਼ਤੇਦਾਰ ਅਤੇ ਗੁਆਂਢੀ ਰਾਜੂ ਨੇ ਦੱਸਿਆ ਕਿ ਅਕਾਸ਼ਦੀਪ ਘਰ ਦਾ ਵੱਡਾ ਪੁੱਤ ਸੀ ਤੇ ਉਸ ਦੀ 20 ਸਾਲ ਦੇ ਕਰੀਬ ਉਮਰ ਸੀ, ਜਦਕਿ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਹ ਘਰ 'ਚ ਵੱਡਾ ਅਤੇ ਕਮਾਊ ਪੁੱਤ ਸੀ, ਜਦਕਿ ਪਰਿਵਾਰ 'ਚ ਉਸ ਦੀ ਮਾਂ ਅਤੇ ਇਕ ਛੋਟਾ ਭਰਾ ਹੈ। ਇਹ ਕਾਫੀ ਸਮੇਂ ਤੋਂ ਕਰਤਾਰਪੁਰ ਕੋਰੀਡੋਰ 'ਚ ਨੌਕਰੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਬੀਮਾਰ ਸੀ। ਮੰਗਲਵਾਰ ਘਰੋਂ ਆਪਣੀ ਡਿਊਟੀ 'ਤੇ ਗਿਆ ਅਤੇ ਛੋਟਾ ਭਰਾ ਇਸ ਨੂੰ ਛੱਡ ਕੇ ਆਇਆ ਸੀ ਪਰ ਉਨ੍ਹਾਂ ਨੂੰ ਦੇਰ ਸ਼ਾਮ ਸੁਨੇਹਾ ਮਿਲਿਆ ਕਿ ਉਸ ਨੇ ਬਟਾਲਾ ਨੇੜੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਉਸ ਨੂੰ ਨਹਿਰ 'ਚੋਂ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ, ਜਦੋਂ ਉਹ ਇੱਥੇ ਆਏ ਤਾਂ ਪਤਾ ਲੱਗਾ ਕਿ ਅਕਾਸ਼ਦੀਪ ਦੀ ਮੌਤ ਹੋ ਗਈ ਹੈ।

                    Image

ਉਧਰ ਸਿਵਲ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਮੈਡੀਕਲ ਅਫ਼ਸਰ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਅਕਾਸ਼ਦੀਪ ਨੂੰ ਐਂਬੂਲੈਂਸ ਰਾਹੀਂ ਇੱਥੇ ਲਿਆਂਦਾ ਗਿਆ ਸੀ ਪਰ ਜਦ ਉਹ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮਾਮਲਾ ਖ਼ੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ।