ਬਟਾਲਾ ਪੁਲਸ ਚੌਂਕੀ ਗ੍ਰਨੇਡ ਹਮਲਾ ਮਾਮਲਾ: DIG ਨੇ ਕੀਤਾ ਵੱਡਾ ਖੁਲਾਸਾ

ਬਟਾਲਾ ਪੁਲਸ ਚੌਂਕੀ ਗ੍ਰਨੇਡ ਹਮਲਾ ਮਾਮਲਾ: DIG ਨੇ ਕੀਤਾ ਵੱਡਾ ਖੁਲਾਸਾ

ਬੀਤੀ ਰਾਤ ਦੇਰ ਨਾਲ ਬਟਾਲਾ ਦੇ ਅਰਬਨ ਸਟੇਟ ਪੁਲਸ ਚੌਂਕੀ 'ਤੇ ਹੋਏ ਧਮਾਕੇ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਜਥੇਬੰਦੀ ਵੱਲੋਂ ਪੁਲਸ ਚੌਕੀ 'ਤੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਗਈ ਸੀ। ਅੱਜ ਬਟਾਲਾ 'ਚ ਪੰਜਾਬ ਪੁਲਸ ਵੱਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਪਹੁੰਚੇ  ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਗ੍ਰਨੇਡ ਹਮਲਾ ਹੀ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਉਸ ਵਾਰਦਾਤ ਤੋਂ ਬਾਅਦ ਬਟਾਲਾ ਪੁਲਸ ਤੇ ਕਾਊਂਟਰ ਇੰਟੈਲੀਜੈਂਸ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕਰਦੇ ਹੋਏ ਬਟਾਲਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਦਕਿ ਵਾਰਦਾਤ 'ਚ ਤਿੰਨ ਵਿਅਕਤੀ ਸ਼ਾਮਲ ਸਨ ।

ਗ੍ਰਿਫ਼ਤਾਰ ਕੀਤੇ ਦਾ ਮੁਲਜ਼ਮ ਦੀ ਉਮਰ 18 ਸਾਲ ਤੋਂ ਵੀ ਘੱਟ ਹੈ ਅਤੇ ਤੀਸਰੇ ਸਾਥੀ ਨੂੰ ਵੀ ਪੁਲਸ ਨੇ ਟਰੇਸ ਕਰ ਲਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉੱਥੇ ਹੀ ਡੀਆਈਜੀ ਦਾ ਕਹਿਣਾ ਸੀ ਕਿ ਵਿਦੇਸ਼ 'ਚ ਕੁਝ ਅਜਿਹੇ ਮਾੜੇ ਅਨਸਰ ਬੈਠੇ ਹਨ, ਜੋ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸੇ ਦੇ ਤਹਿਤ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਛੋਟੇ ਬੱਚੇ ਅਤੇ ਨੌਜਵਾਨਾਂ ਨੂੰ ਕੁਝ ਪੈਸੇ ਦੇ ਲਾਲਚ ਦੇ ਕੇ ਕਰਵਾ ਰਹੇ ਹਨ।