- Updated: June 01, 2024 12:18 PM
ਪਿੰਡ ਲੱਖੂਵਾਲ ਵਿਖੇ ਦੇਰ ਸ਼ਾਮ 2 ਮੋਟਰਸਾਈਕਲਾਂ ’ਤੇ ਆਏ ਨਕਾਬਪੋਸ਼ਾਂ ਨੇ ਗੋਲੀਬਾਰੀ ਕਰ ਕੇ ‘ਆਪ’ ਆਗੂ ਦੀਪਇੰਦਰ ਸਿੰਘ ਉਰਫ ਦੀਪੂ ਲੱਖੂਵਾਲੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇਸ ਗੋਲੀਕਾਂਡ ਵਿਚ 4 ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੋਟਰਸਾਈਕਲ ਸਵਾਰ ਹਮਲਾਵਰ ਗੋਲੀਬਾਰੀ ਕਰਨ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਏ।

ਘਟਨਾ ਸਥਾਨ ’ਤੇ ਪਹੁੰਚੇ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਦੀਪਇੰਦਰ ਸਿੰਘ ਆਪਣੇ ਸਾਥੀਆਂ ਸਮੇਤ ਪਿੰਡ ਵਾਲੀ ਹਵੇਲੀ ਕੋਲ ਬੈਠਾ ਚੋਣਾਂ ਸਬੰਧੀ ਰਣਨੀਤੀ ਉਲੀਕ ਰਿਹਾ ਸੀ ਕਿ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਨਕਾਬਪੋਸ਼ ਵਿਅਕਤੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੀਪਇੰਦਰ ਸਿੰਘ ਦੀ ਮੌਤ ਹੋ ਗਈ ਜਦਕਿ 4 ਹੋਰ ਵਿਅਕਤੀ, ਜਿਨ੍ਹਾਂ ਵਿਚ ਸੁਖਚਰਨਜੀਤ ਸਿੰਘ, ਮੇਜਰ ਸਿੰਘ, ਸੰਦੀਪ ਸਿੰਘ ਅਤੇ ਸਵਰਨ ਸਿੰਘ ਜ਼ਖਮੀ ਹੋ ਗਏ, ਜੋ ਇਸ ਸਮੇਂ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਸਾਰੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।