ਸਿਰਫ਼ 5 ਯੂਰੋ ਲਈ 4 ਮਜ਼ਦੂਰਾਂ ਦਾ ਕਤਲ! ਇਟਲੀ ਦੀ ਘਟਨਾ ਨੇ ਸਭ ਨੂੰ ਕੀਤਾ ਹੈਰਾਨ

ਸਿਰਫ਼ 5 ਯੂਰੋ ਲਈ 4 ਮਜ਼ਦੂਰਾਂ ਦਾ ਕਤਲ! ਇਟਲੀ ਦੀ ਘਟਨਾ ਨੇ ਸਭ ਨੂੰ ਕੀਤਾ ਹੈਰਾਨ

ਇਟਲੀ ਦੇ ਸੂਬਾ ਕਲਾਬਰੀਆ ਦੇ ਕੋਜੇਂਸਾ ਇਲਾਕੇ 'ਚ ਮਜ਼ਦੂਰਾਂ ਦੇ ਸੋਸ਼ਣ ਦੀ ਇੱਕ ਅਤਿ ਦਰਦਨਾਕ ਅਤੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਿਰਫ਼ 5 ਯੂਰੋ ਗੱਡੀ ਦੇ ਕਿਰਾਏ ਲਈ ਮਨ੍ਹਾ ਕਰਨ 'ਤੇ 4 ਕਿਰਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਾਕਿਸਤਾਨੀ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਨੂੰ ਇੱਕ ਕਾਰ ਵਿੱਚ ਬੰਦ ਕਰਕੇ ਅੱਗ ਲਗਾ ਦਿੱਤੀ ਗਈ, ਜਿਸ 'ਚ 3 ਅਫ਼ਗਾਨੀ ਤੇ 1 ਪਾਕਿਸਤਾਨੀ ਮਜ਼ਦੂਰ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ, ਇਹ ਮਜ਼ਦੂਰ ਇਲਾਕੇ ਦੇ ਖੇਤਾਂ ਵਿੱਚ ਟਮਾਟਰ ਤੋੜਨ ਦਾ ਕੰਮ ਕਰਦੇ ਸਨ। ਪਾਕਿਸਤਾਨੀ ਮਾਲਕ ਨਾ ਸਿਰਫ਼ ਇਹਨਾਂ ਨੂੰ ਮਿਹਨਤਾਨਾ ਘੱਟ ਦਿੰਦੇ ਸਨ, ਸਗੋਂ ਰੋਜ਼ਾਨਾ ਗੱਡੀ ਦਾ 5 ਯੂਰੋ ਕਿਰਾਇਆ ਵੀ ਮੰਗਦੇ ਸਨ। ਜਦੋਂ ਮਜ਼ਦੂਰਾਂ ਨੇ ਕਿਰਾਇਆ ਦੇਣ ਤੋਂ ਇਨਕਾਰ ਕੀਤਾ ਅਤੇ ਕੰਮ ਦਾ ਇਕਰਾਰਨਾਮਾ ਤੇ ਵੱਧ ਮਜ਼ਦੂਰੀ ਮੰਗੀ, ਤਾਂ ਠੇਕੇਦਾਰਾਂ ਨੇ ਉਹਨਾਂ ਨੂੰ ਚਾਕੂਆਂ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ। 

ਬੀਤੇ ਦਿਨ ਜਦੋਂ ਮਜ਼ਦੂਰ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਪੈਟਰੋਲ ਪੰਪ 'ਤੇ ਗੱਡੀ ਰੁਕੀ। ਉੱਥੇ ਫਿਰ ਤੋਂ ਕਿਰਾਏ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ 2 ਪਾਕਿਸਤਾਨੀ ਮਾਲਕਾਂ ਨੇ ਗੁੱਸੇ ਵਿੱਚ ਆ ਕੇ ਕਾਰ 'ਤੇ ਪੈਟਰੋਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ। ਦੋਸ਼ੀਆਂ ਨੇ ਗੱਡੀ ਦੀਆਂ ਤਾਕੀਆਂ (ਦਰਵਾਜ਼ੇ) ਬਾਹਰੋਂ ਹੱਥਾਂ ਨਾਲ ਬੰਦ ਕਰ ਦਿੱਤੀਆਂ ਤਾਂ ਜੋ ਕੋਈ ਬਾਹਰ ਨਾ ਨਿਕਲ ਸਕੇ।

ਇਸ ਖ਼ੂਨੀ ਖੇਡ 'ਚੋਂ ਮੁਹੰਮਦ ਨਾਮ ਦਾ ਇੱਕ ਅਫ਼ਗਾਨੀ ਮਜ਼ਦੂਰ ਜਿਉਂਦਾ ਬਚ ਨਿਕਲਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਪਹਿਲਾਂ ਹੀ ਕਿਸੇ ਅਣਹੋਣੀ ਦੀ ਭਿਣਕ ਪੈ ਗਈ ਸੀ, ਜਿਸ ਕਾਰਨ ਉਸ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਛਾਲ ਮਾਰ ਦਿੱਤੀ। ਹਾਲਾਂਕਿ ਉਸ ਦੀਆਂ ਬਾਹਾਂ ਅਤੇ ਹੱਥ ਝੁਲਸ ਗਏ ਹਨ, ਪਰ ਉਸ ਨੇ ਹੀ ਪੁਲਸ ਕੋਲ ਸਾਰੀ ਸੱਚਾਈ ਬਿਆਨ ਕੀਤੀ ਹੈ। ਮੁਹੰਮਦ ਦੇ ਬਿਆਨਾਂ ਅਨੁਸਾਰ, ਇੱਥੇ 'ਪਾਕਿਸਤਾਨੀ ਮਾਫ਼ੀਆ' ਹਾਵੀ ਹੈ ਜੋ ਅਕਸਰ ਮਜ਼ਦੂਰਾਂ ਦਾ ਸੋਸ਼ਣ ਕਰਦਾ ਹੈ।

ਇਟਲੀ ਪੁਲਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ 2 ਪਾਕਿਸਤਾਨੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਨੇ ਸਥਾਨਕ ਇਟਾਲੀਅਨ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਅਜਿਹੇ ਗੈਂਗਮਾਸਟਰਾਂ ਵਿਰੁੱਧ ਸ਼ਿਕੰਜਾ ਕੱਸਣ ਲਈ ਪੁਲਸ ਹੁਣ ਹੋਰ ਵੀ ਸੰਜੀਦਾ ਹੋ ਗਈ ਹੈ। ਸਰੋਤਾਂ ਅਨੁਸਾਰ, ਅਜਿਹੇ ਲੋਕ ਆਪਣੇ ਮਾਮੂਲੀ ਫਾਇਦੇ ਲਈ ਇਨਸਾਨੀ ਜਾਨਾਂ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੇ।