BJP ਸਾਂਸਦ ਕਿਰਨ ਖੇਰ ਦਾ ਵਿਵਾਦਿਤ ਬਿਆਨ -‘ਜਿਹੜਾ ਬੰਦਾ ਮੈਨੂੰ ਵੋਟ ਨਾ ਪਾਏ, ਓਹਦੇ ਛਿੱਤਰ ਫੇਰੋ…’

BJP ਸਾਂਸਦ ਕਿਰਨ ਖੇਰ ਦਾ ਵਿਵਾਦਿਤ ਬਿਆਨ -‘ਜਿਹੜਾ ਬੰਦਾ ਮੈਨੂੰ ਵੋਟ ਨਾ ਪਾਏ, ਓਹਦੇ ਛਿੱਤਰ ਫੇਰੋ…’

ਚੰਡੀਗੜ੍ਹ ਦੀ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਆ ਗਏ ਹਨ। ਦਰਅਸਲ ਕਿਰਨ ਖੇਰ ਰਾਮਦਰਬਾਰ ਕਾਲੋਨੀ ‘ਚ ਬਣੇ ਕਮਿਊਨਿਟੀ ਸੈਂਟਰ ਦੇ ਉਦਘਾਟਨ ਸਮਾਰੋਹ ‘ਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਵਿਵਾਦਿਤ ਸ਼ਬਦ ਬੋਲੇ, ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਹੋਇਆ ਇੰਝ ਕਿ ਉਦਘਾਟਨੀ ਸਮਾਰੋਹ ਦੌਰਾਨ ਕਿਰਨ ਖੇਰ ਹੱਲੇਮਾਜਰਾ ਦੇ ਦੀਪ ਕੰਪਲੈਕਸ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰ ਰਹੇ ਸਨ। ਇਸ ਦੌਰਾਨ ਕਿਰਨ ਨੇ ਕਿਹਾ ਕਿ ਜੇ ਦੀਪ ਕੰਪਲੈਕਸ ਦਾ ਇੱਕ ਵੀ ਮੈਂਬਰ ਮੈਨੂੰ ਵੋਟ ਨਹੀਂ ਪਾਉਂਦਾ ਤਾਂ ਲਾਅਣਤ ਵਾਲੀ ਗੱਲ ਹੈ, ਜਾ ਕੇ ਛਿੱਤਰ ਫੇਰਨੇ ਚਾਹੀਦੇ ਨੇ ਉਨ੍ਹਾਂ ਨੂੰ। ਨਾਲ ਹੀ ਉਨ੍ਹਾਂ ਕਿਹਾ ਕਿ ਇੰਨੇ ਪੈਸੇ ਦੇ ਕੇ ਮੈਂ ਉਨ੍ਹਾਂ ਦਾ ਕੰਮ ਕੀਤਾ ਹੈ। ਦੂਜੇ ਪਾਸੇ ਉਥੇ ਮੌਜੂਦ ਲੋਕ ਇਸ ਗੱਲ ‘ਤੇ ਠਹਾਕੇ ਮਾਰ ਕੇ ਹੱਸਣ ਲੱਗ ਪਏ ਜਦਕਿ ‘ਆਪ’ ਵਰਕਰਾਂ ਨੇ ਕਿਰਨ ਦੀ ਇਸ ਗੱਲ ਦਾ ਵਿਰੋਧ ਕੀਤਾ।

ਸਾਂਸਦ ਦੇ ਇਸ ਬਿਆਨ ਖਿਲਾਫ ਚੰਡੀਗੜ੍ਹ ਯੂਥ ਕਾਂਗਰਸ ਨੇ ਅੱਜ ਚੰਡੀਗੜ੍ਹ ਭਵਨ ਵਿੱਚ ਵਿਰੋਧ ਕੀਤਾ। ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਨਾ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਨੇ ਕਿਰਨ ਖੇਰ ਨੂੰ ਆਪਣੇ ਜੁੱਤੇ ਭੇਟ ਕੀਤੇ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਛਿੱਤਰ ਫੇਰਾਂਗੇ’ ‘ਤੇ ਕੰਮ ਕਰਦੇ ਹੋ, ਇਸ ਲਈ ਉਨ੍ਹਾਂ ਨੂੰ ਆਪਣੀਆਂ ਜੁੱਤੀਆਂ ਭੇਟ ਕਰ ਰੇਹ ਹਾਂ।

ਉਥੇ ਹੀ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੁਬੇ ਨੇ ਕਿਹਾ ਕਿ ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਸਾਂਸਦ ਕਿਰਨ ਖੇਰ ਨੇ ਸ਼ਹਿਰ ਵਾਲਿਆਂ ਲਈ ਗਲਤ ਭਾਸ਼ਾ ਵਰਤੀ। ਉਨ੍ਹਾਂ ਸਵਾਲ ਕੀਤਾ ਕਿ ਕੀ ਸਾਂਸਦ ਆਪਣੇ ਪੱਲਿਓਂ ਸੜਕਾਂ ਬਣਆ ਰਹੀ ਏ? ਸਾਂਸਦ ਕਿਰਨ ਖੇਰ ਸਿਰਫ ਤੇ ਸਿਰਫ ਸਰਕਾਰ ਦੀ ਤਨਖਾਹ ਲੈ ਕੇ ਚੰਡੀਗੜ੍ਹ ਦੀ ਜਨਤਾ ਦੀਆਂ ਅੱਖਾਂ ਵਿੱਚ ਧੂੜ ਝੋਕ ਰਹੀ ਹੈ ਤੇ ਚੰਡੀਗੜ੍ਹ ਦੀ ਜਨਤਾ ਪ੍ਰਤੀ ਕਿੰਨਾ ਪਿਆਰ ਹੈ ਇਹ ਤਾਂ ਇਨ੍ਹਾਂ ਦੀ ਭਾਸ਼ਾ ਤੋਂ ਪਤਾ ਲੱਗ ਗਿਆ ਹੈ। ਸਾਂਸਦ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਖਿਲਾਫ ਜਲਦ ਹੀ ਵੱਡਾ ਪ੍ਰਦਰਸ਼ਨ ਉਨ੍ਹਾਂ ਦੇ ਦਫਤਰ ਬਾਹਰ ਕੀਤਾ ਜਾਏਗਾ।