ਭਾਰਤ-ਬੰਗਲਾਦੇਸ਼ ਸਰਹੱਦ ''ਤੇ BSF ਨੇ 6 ਕਰੋੜ ਦਾ ਸੋਨਾ ਕੀਤਾ ਜ਼ਬਤ, ਇਕ ਗ੍ਰਿਫ਼ਤਾਰ

 ਭਾਰਤ-ਬੰਗਲਾਦੇਸ਼ ਸਰਹੱਦ ''ਤੇ BSF ਨੇ 6 ਕਰੋੜ ਦਾ ਸੋਨਾ ਕੀਤਾ ਜ਼ਬਤ, ਇਕ ਗ੍ਰਿਫ਼ਤਾਰ

ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਪੱਛਮੀ ਬੰਗਾਲ 'ਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਤੇ ਇਕ ਵਿਅਕਤੀ ਨੂੰ ਫੜਿਆ ਅਤੇ ਉਸ ਕੋਲੋਂ 6 ਕਰੋੜ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਐਤਵਾਰ ਨੂੰ ਨਦੀਆ ਜ਼ਿਲ੍ਹੇ ਦੇ ਹੋਰੰਡੀਪੁਰ ਸਰਹੱਦੀ ਇਲਾਕੇ 'ਚ ਹੋਈ। ਇਸ ਖੇਤਰ ਦੀ ਸੁਰੱਖਿਆ ਬੀ.ਐੱਸ.ਐੱਫ. ਦੀ 32ਵੀਂ ਬਟਾਲੀਅਨ ਵਲੋਂ ਕੀਤੀ ਜਾਂਦੀ ਹੈ। ਬੀ.ਐੱਸ.ਐੱਫ. ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਾਦੀਆ ਦੇ ਇਕ ਸਥਾਨਕ ਵਾਸੀ ਨੂੰ ਸੋਨੇ ਦੀਆਂ 16 ਛੜਾਂ ਅਤੇ 10 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਸੋਨੇ ਦੇ ਚਾਰ ਬਿਸਕੁਟਾਂ ਨਾਲ ਫੜਿਆ ਗਿਆ।

ਫੜੇ ਗਏ ਵਿਅਕਤੀ ਨੇ ਬੀ.ਐੱਸ.ਐੱਫ. ਨੂੰ ਦੱਸਿਆ ਕਿ ਉਸ ਨੇ ਇਕ ਹੋਰ ਭਾਰਤੀ ਸਾਥੀ ਨਾਲ ਸਰਹੱਦ ਪਾਰ ਤੋਂ ਇਕ ਬੰਗਲਾਦੇਸ਼ੀ ਵਿਅਕਤੀ ਤੋਂ ਸੋਨਾ ਲਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਬੀ.ਐੱਸ.ਐੱਫ. ਜਵਾਨਾਂ ਨੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਤਾਂ ਦੂਜਾ ਭਾਰਤੀ ਵਿਅਕਤੀ ਦੌੜ ਗਿਆ। ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਲਗਭਗ 6.70 ਕਰੋੜ ਰੁਪਏ ਦੇ ਸੋਨੇ ਨੂੰ ਜਾਂਚ ਲਈ ਫੜੇ ਗਏ ਵਿਅਕਤੀ ਨੇ ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।