- Updated: February 21, 2024 08:21 AM
ਜ਼ਿਲ੍ਹਾ ਨਵਾਂ ਸ਼ਹਿਰ ਦੇ ਥਾਣਾ ਸਿਟੀ ਬੰਗਾ ਅਧੀਨ ਪੈਂਦੇ ਇਕ ਪਿੰਡ ਦੇ ਨੌਜਵਾਨ ਦੀ ਅਮਰੀਕਾ ਵਿਚ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 26 ਸਾਲਾ ਹਰਪ੍ਰੀਤ ਸਿੰਘ ਦਾ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿਚ ਉਸ ਦੇ ਹੀ ਦੋਸਤ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ।
ਹਰਪ੍ਰੀਤ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਜਿਥੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ, ਉਥੇ ਹੀ ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।ਪਰਵਾਰਕ ਮੈਂਬਰਾਂ ਨੇ ਦਸਿਆ ਕਿ ਹਰਪ੍ਰੀਤ ਸਿੰਘ ਪਿਛਲੇ ਸਾਲ ਮਈ ਵਿਚ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ।
ਹਰਪ੍ਰੀਤ ਸਿੰਘ ਦੇ ਪਰਵਾਰ ਵਿਚ ਉਸ ਦੇ ਮਾਤਾ, ਪਿਤਾ, ਦੋ ਭੈਣਾਂ ਅਤੇ ਇਕ ਭਰਾ ਹੈ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਵੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਕੱਟਾਂ ਦਾ ਦਸਿਆ ਜਾ ਰਿਹਾ ਹੈ ਅਤੇ ਮੁਲਜ਼ਮ ਹਰਪ੍ਰੀਤ ਸਿੰਘ ਦਾ ਪੁਰਾਣਾ ਦੋਸਤ ਸੀ। ਪਰਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤ ਦੀ ਦੇਹ ਉਸ ਦੇ ਜੱਦੀ ਪਿੰਡ ਲਿਆਂਦੀ ਜਾਵੇ ਤਾਂ ਜੋ ਆਖਰੀ ਵਾਰ ਪਰਵਾਰ ਉਸ ਨੂੰ ਦੇਖ ਸਕੇ।