ਕੈਨੇਡਾ ਤੋਂ 3,300 ਤੋਂ ਵੱਧ ਭਾਰਤੀ ਡਿਪੋਰਟ, ਅਮਰੀਕਾ ਨਾਲੋਂ ਵੀ ਵੱਧ ਗਿਣਤੀ

ਕੈਨੇਡਾ ਤੋਂ 3,300 ਤੋਂ ਵੱਧ ਭਾਰਤੀ ਡਿਪੋਰਟ, ਅਮਰੀਕਾ ਨਾਲੋਂ ਵੀ ਵੱਧ ਗਿਣਤੀ

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਅਮਰੀਕਾ ਨੇ ਜਿੱਥੇ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਉੱਥੇ ਹੀ ਕੈਨੇਡਾ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਕੈਨੇਡਾ ਨੇ ਸਾਲ 2026 ਦੇ ਪਹਿਲੇ ਛੇ ਮਹੀਨਿਆਂ 'ਚ ਹੀ 3,323 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਹੈ। 'ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ' (CBSA) ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਇਹ ਗਿਣਤੀ ਪਿਛਲੇ 6 ਸਾਲਾਂ ਦੇ ਰਿਕਾਰਡ ਨੂੰ ਤੋੜਨ ਦੀ ਦਿਸ਼ਾ 'ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ਵਾਰ ਡਿਪੋਰਟ ਕੀਤੇ ਗਏ ਲੋਕਾਂ 'ਚ ਭਾਰਤੀ ਸਭ ਤੋਂ ਅੱਗੇ ਹਨ।

ਇਸ ਤੋਂ ਪਹਿਲਾਂ ਸਾਲ 2025 'ਚ ਕੁੱਲ 3,779 ਭਾਰਤੀਆਂ ਨੂੰ ਕੈਨੇਡਾ ਤੋਂ ਕੱਢਿਆ ਗਿਆ ਸੀ, ਜੋ ਕਿ ਉਸ ਸਮੇਂ ਤੱਕ ਦਾ ਸਭ ਤੋਂ ਵੱਡਾ ਅੰਕੜਾ ਸੀ। ਪਰ 2026 ਦੇ ਪਹਿਲੇ 6 ਮਹੀਨਿਆਂ 'ਚ ਹੀ ਇਹ ਗਿਣਤੀ ਪਿਛਲੇ ਸਾਲ ਦੇ ਕੁੱਲ ਅੰਕੜੇ ਦੇ 88 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ।

ਪਿਛਲੇ ਪੰਜ ਸਾਲਾਂ ਤੋਂ ਡਿਪੋਰਟੇਸ਼ਨ ਦੀ ਸੂਚੀ ਵਿੱਚ ਮੈਕਸੀਕੋ ਪਹਿਲੇ ਨੰਬਰ 'ਤੇ ਸੀ ਅਤੇ ਭਾਰਤ ਦੂਜੇ ਨੰਬਰ 'ਤੇ। ਪਰ 2026 ਦੇ ਪਹਿਲੇ 6 ਮਹੀਨਿਆਂ 'ਚ ਮੈਕਸੀਕੋ ਦੇ 1,573 ਲੋਕਾਂ ਦੇ ਮੁਕਾਬਲੇ 3,323 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ, ਜਿਸ ਮਗਰੋਂ ਭਾਰਤ ਇਸ ਸੂਚੀ ਵਿੱਚ ਸਭ ਤੋਂ ਉੱਪਰ ਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ 2020 'ਚ ਵੀ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਸੀ, ਜਦੋਂ 1,424 ਭਾਰਤੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ। CBSA ਦੇ ਅੰਕੜਿਆਂ ਅਨੁਸਾਰ, ਇਸ ਵੇਲੇ 7,669 ਭਾਰਤੀ ਨਾਗਰਿਕ ਕੈਨੇਡਾ ਦੀ ਰਿਮੂਵਲ ਇਨ ਪ੍ਰੋਗਰੈੱਸ, ਭਾਵ ਡਿਪੋਰਟੇ ਕੀਤੇ ਜਾਣ ਲਈ ਕਾਰਵਾਈ ਅਧੀਨ ਹਨ, ਜੋ ਕਿ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਹੈ। 

ਇਹ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵੱਲੋਂ ਕੀਤੀ ਗਈ ਇਹ ਕਾਰਵਾਈ ਅਮਰੀਕਾ ਨਾਲੋਂ ਦੋ-ਢਾਈ ਗੁਣਾ ਜ਼ਿਆਦਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ, ਅਮਰੀਕਾ ਨੇ 1 ਜਨਵਰੀ ਤੋਂ 22 ਜੁਲਾਈ 2026 ਤੱਕ 1,273 ਭਾਰਤੀਆਂ ਨੂੰ ਡਿਪੋਰਟ ਕੀਤਾ ਸੀ, ਜਦਕਿ ਕੈਨੇਡਾ ਵਿੱਚ ਇਹ ਅੰਕੜਾ 3,000 ਤੋਂ ਪਾਰ ਜਾ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਸ਼ਾਸਨ ਦੀ ਡਿਪੋਰਟੇਸ਼ਨ ਪ੍ਰਕਿਰਿਆ 'ਚ ਕਈ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਂਦਾ ਹੈ, ਜਿਨ੍ਹਾਂ 'ਚ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ, Asylum ਦੇ ਦਾਅਵੇ ਰੱਦ ਹੋਣਾ, 
ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉੱਥੇ ਰਹਿਣਾ ਤੇ ਜਾਅਲੀ ਦਸਤਾਵੇਜ਼ਾਂ ਅਤੇ ਵੀਜ਼ਾ ਧੋਖਾਧੜੀ ਵਰਗੇ ਮਾਮਲੇ ਸ਼ਾਮਲ ਹਨ।