- Updated: June 05, 2026 06:56 PM
ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਗੋਬਿੰਦ ਨਗਰ ਇਲਾਕੇ ਵਿਚ ਚੋਰਾਂ ਨੇ ਇਕ ਬੰਦ ਮਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਕਰੀਬ ਦੋ ਘੰਟੇ ਤੱਕ ਘਰ ਦੇ ਅੰਦਰ ਰਿਹਾ ਅਤੇ ਆਰਾਮ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਰਿਹਾ। ਪੂਰੀ ਘਟਨਾ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਦੁਗਰੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਬੀ.ਐੱਨ.ਐੱਸ. ਦੀ ਧਾਰਾ 331(4) ਅਤੇ 305 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਯਤਨ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ, ਸਿਵਲ ਹਸਪਤਾਲ ਤੋਂ ਸੇਵਾਮੁਕਤ ਫਾਰਮਾਸਿਸਟ ਹਰਿੰਦਰ ਸਿੰਘ ਖੰਗੂੜਾ ਆਪਣੀ ਬੇਟੀ ਨੂੰ ਮਿਲਣ ਲਈ ਕੈਨੇਡਾ ਗਏ ਹੋਏ ਸਨ। ਇਸੇ ਦੌਰਾਨ ਅਣਪਛਾਤੇ ਚੋਰ ਨੇ ਉਨ੍ਹਾਂ ਦੇ ਬੰਦ ਪਏ ਮਕਾਨ ਨੂੰ ਨਿਸ਼ਾਨਾ ਬਣਾਇਆ।
ਸ਼ਿਕਾਇਤ ਮੁਤਾਬਕ, 8 ਫਰਵਰੀ 2026 ਦੀ ਤੜਕਸਾਰ ਕਰੀਬ 2:02 ਵਜੇ ਇਕ ਚੋਰ ਸਾਈਕਲ 'ਤੇ ਸਵਾਰ ਹੋ ਕੇ ਘਰ ਦੇ ਬਾਹਰ ਪਹੁੰਚਿਆ ਤੇ ਕੰਧ ਟੱਪ ਕੇ ਘਰ ਦੇ ਅੰਦਰ ਵੜ ਗਿਆ। ਪਹਿਲਾਂ ਉਸ ਨੇ ਘਰ ਦੇ ਬਾਹਰ ਲੱਗੀਆਂ ਟੂਟੀਆਂ ਚੋਰੀ ਕੀਤੀਆਂ ਅਤੇ ਫਿਰ ਹੌਲੀ-ਹੌਲੀ ਕਮਰਿਆਂ ਤੱਕ ਪਹੁੰਚ ਕੇ ਕੀਮਤੀ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ। ਚੋਰ ਕਰੀਬ ਦੋ ਘੰਟੇ ਤੱਕ ਘਰ ਵਿਚ ਮੌਜੂਦ ਰਿਹਾ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ।
ਇਹ ਸਾਮਾਨ ਹੋਇਆ ਚੋਰੀ
ਚੋਰ ਘਰ ਵਿਚੋਂ 43 ਇੰਚ ਦੀ ਸੈਮਸੰਗ ਐੱਲ.ਈ.ਡੀ. ਟੀਵੀ, ਏਸਰ ਲੈਪਟਾਪ, ਸ਼ੇਵਿੰਗ ਮਸ਼ੀਨ, ਸਪੋਰਟਸ ਵਾਚ, ਪਿੱਤਲ ਦੇ ਫੁੱਲਦਾਨ, ਪਾਣੀ ਗਰਮ ਕਰਨ ਵਾਲੀ ਰਾਡ, ਬੈਗ, ਕਰੀਬ ਦੋ ਤੋਲੇ ਸੋਨੇ ਦੀਆਂ ਵਾਲੀਆਂ, ਗਲੈਨਫਿਡਿਕ ਵਿਸਕੀ ਦੀ ਬੋਤਲ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਿਆ। ਘਟਨਾ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਹਰਿੰਦਰ ਸਿੰਘ ਖੰਗੂੜਾ ਕੈਨੇਡਾ ਤੋਂ ਵਾਪਸ ਪਰਤੇ ਅਤੇ ਘਰ ਦਾ ਸਾਮਾਨ ਖਿੱਲਰਿਆ ਹੋਇਆ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਹਰਿੰਦਰ ਸਿੰਘ ਖੰਗੂੜਾ ਨੇ ਸਿਵਲ ਹਸਪਤਾਲ ਵਿਚ ਕਰੀਬ 38 ਸਾਲਾਂ ਤੱਕ ਫਾਰਮਾਸਿਸਟ ਅਧਿਕਾਰੀ ਵਜੋਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਘਰ ਵਿਚ ਹੋਈ ਚੋਰੀ ਦੀ ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿਚ ਵੀ ਚਿੰਤਾ ਦਾ ਮਾਹੌਲ ਹੈ।