- Updated: June 12, 2024 04:07 PM
ਫ਼ਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ ਆਇਦ ਕੀਤੇ ਗਏ ਹਨ। ਫ਼ਿਰੋਜ਼ਪੁਰ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਗਏ ਹਨ। ਵਿਜੀਲੈਂਸ ਨੇ ਇਸ ਸਬੰਧੀ ਕੇਸ ਦਰਜ ਕਰਨ ਲਈ ਪਹਿਲਾਂ ਵਿਧਾਨ ਸਭਾ ਸਪੀਕਰ ਤੋਂ ਇਜਾਜ਼ਤ ਲਈ ਸੀ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਸ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹਾਲਾਂਕਿ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਉਹ ਕਰੀਬ 120 ਦਿਨ ਜੇਲ ਵਿਚ ਰਹਿ ਚੁੱਕੇ ਹਨ।
ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸਤਕਾਰ ਕੌਰ ਗਹਿਰੀ ਦੀ ਸਾਲ 2017 ਤੋਂ 2022 ਦੌਰਾਨ ਕੁੱਲ ਆਮਦਨ 1,65,34,053 ਰੁਪਏ ਸੀ, ਜਦੋਂ ਕਿ ਉਸ ਨੇ ਇਸ ਸਮੇਂ ਦੌਰਾਨ 4,49,19,831.41 ਰੁਪਏ ਖਰਚ ਕੀਤੇ ਸਨ। ਜਿਸ ਵਿੱਚ ਵਿਧਾਇਕ ਅਤੇ ਉਨ੍ਹਾਂ ਦੇ ਪਤੀ 2,83,85,778,41 ਰੁਪਏ ਦੀ ਵਾਧੂ ਆਮਦਨ ਦਰਸਾਉਣ ਵਿੱਚ ਅਸਫਲ ਰਹੇ ਹਨ।
ਦੋਵਾਂ ਨੇ ਆਪਣੀ ਆਮਦਨ ਤੋਂ 171.78 ਕਰੋੜ ਰੁਪਏ ਵੱਧ ਖਰਚ ਕੀਤੇ। ਵਿਜੀਲੈਂਸ ਨੇ ਇਹ ਜਾਂਚ 17 ਜਨਵਰੀ 2022 ਤੋਂ ਸ਼ੁਰੂ ਕੀਤੀ ਸੀ। ਵਿਜੀਲੈਂਸ ਨੇ ਸਤਕਾਰ ਕੌਰ ਗਹਿਰੀ ਨੂੰ 18 ਸਤੰਬਰ 2023 ਨੂੰ ਗ੍ਰਿਫਤਾਰ ਕੀਤਾ ਸੀ। ਉਸ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਦੋਂ ਸਤਕਾਰ ਕੌਰ 2017 ਵਿੱਚ ਵਿਧਾਇਕ ਚੁਣੀ ਗਈ ਸੀ, ਉਸ ਸਮੇਂ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਦੀ 7.05 ਲੱਖ ਰੁਪਏ ਦੀ ਜਾਇਦਾਦ ਸੀ ਪਰ ਪੰਜ ਸਾਲ ਬਾਅਦ ਉਸ ਦੀ ਦੌਲਤ ਵਿਚ ਕਾਫੀ ਵਾਧਾ ਹੋਇਆ।